ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ, ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਅਤੇ ਕਿਸਾਨਾਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਦਾ ਮਸਲਾ ਵਿਚਾਰਿਆ ਗਿਆ।
ਸਰਕਾਰ 'ਤੇ ਚੁੱਕੇ ਸਵਾਲ: ਇਸ ਮੀਟਿੰਗ ਨੇ ਸਰਬਸੰਮਤੀ ਨਾਲ ਨੋਟ ਕੀਤਾ ਕਿ ਲੋਕਾਂ ਨਾਲ ਧੱਕੇਸ਼ਾਹੀ ਕਰਨ ਅਤੇ ਗੁੰਡਿਆਂ ਦੀ ਪੁਸ਼ਤ ਪਨਾਹੀ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਦਿੱਤਾ ਹੈ। ਕਿਸਾਨਾਂ 'ਤੇ ਦੋ ਵਾਰ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਡੀਐੱਸਪੀ ਬੁਢਲਾਡਾ ਦੇ ਦਫ਼ਤਰ ਅੱਗੇ 20 ਦਿਨਾਂ ਤੋਂ ਚੱਲ ਰਹੇ ਮੋਰਚੇ ਦੇ ਬਾਵਜੂਦ ਅੱਜ ਤੱਕ ਵੀ ਕਿਸੇ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਰੋਸ ਮਾਰਚ: ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਸਰਕਾਰ ਦੀ ਬੇਸ਼ਰਮੀ ਭਰੀ ਚੁੱਪ ਨੇ ਜਥੇਬੰਦੀ ਨੂੰ ਸਖਤ ਐਕਸ਼ਨ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਲਈ 26 ਜਨਵਰੀ ਨੂੰ ਮਾਨਸਾ ਜ਼ਿਲ੍ਹੇ ਵਿੱਚ ਗਣਤੰਤਰ ਦਿਵਸ ਮੌਕੇ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਰੋਸ ਮਾਰਚ ਕੀਤਾ ਜਾਵੇਗਾ ਅਤੇ ਪੱਕਾ ਮੋਰਚਾ ਹੋਰ ਵੱਧ ਉਤਸ਼ਾਹ ਨਾਲ ਜਾਰੀ ਰਹੇਗਾ। ਕੁੱਲਰੀਆਂ ਅਬਾਦਕਾਰ ਕਿਸਾਨਾਂ ਦੇ ਮਸਲੇ ਨੂੰ ਪੂਰੇ ਪੰਜਾਬ ਵਿੱਚ ਲਿਜਾਣ ਲਈ ਵਿਸਥਾਰਤ ਲੀਫਲੈਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ।
26 ਜਨਵਰੀ ਨੂੰ ਟਰੈਕਟਰ ਮਾਰਚ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਜਨਵਰੀ ਨੂੰ ਸਾਰੇ ਦੇਸ਼ ਦੇ ਜ਼ਿਲ੍ਹਾ ਅਤੇ ਤਹਿਸੀਲ ਹੈਡਕੁਆਰਟਰਾਂ 'ਤੇ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਲਾਗੂ ਕਰੇਗੀ। ਮੀਟਿੰਗ ਵਿੱਚ ਸ਼ਹੀਦ ਕਿਸਾਨ ਪਰਿਵਾਰਾਂ ਵੱਲੋਂ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਖੇਤੀਬਾੜੀ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ਨਾਲ ਇੱਕ ਮੁੱਠਤਾ ਪ੍ਰਗਟਾਉਂਦੇ ਹੋਏ, ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ ਤੋਂ ਇਲਾਵਾ 13 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।