ਗੁਰਦਾਸਪੁਰ : ਬੀਤੇ ਦਿਨੀਂ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਗਾਂਦਰਬਲ ਵਿੱਚ ਅੱਤਵਾਦੀਆਂ ਦੇ ਹਮਲੇ 'ਚ ਮਾਰੇ ਗਏ ਲੋਕਾਂ 'ਚ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਸੀ। ਜਿਸ ਦਾ ਅੱਜ ਪਿੰਡ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦੇਦੀਏ ਕਿ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਪਸਰਿਆ ਹੋਇਆ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਇਸ ਸਮੇਂ ਮ੍ਰਿਤਕ ਦੇਹ ਘਰ ਆੳਣ ਦੇ ਇੰਤਜ਼ਾਰ 'ਚ ਹੈ ਕਿ ਆਖਰੀ ਵਾਰ ਦੇਖਣ ਦਾ ਮੌਕਾ ਮਿਲੇ ਅਤੇ ਸਸਕਾਰ ਕੀਤਾ ਜਾਵੇ।
ਘਰ ਗੱਲ ਕਰਨ ਸਮੇਂ ਹੋਇਆ ਅੱਤਵਾਦੀ ਹਮਲਾ
ਉਥੇ ਹੀ ਇਸ ਮੌਕੇ ਗੱਲ ਕਰਦਿਆਂ ਪਿਤਾ ਨੇ ਦੱਸਿਆ ਕਿ ਉਹ ਆਪ ਵੀ ਫੌਜ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਹਨਾਂ ਦਾ ਮ੍ਰਿਤਕ ਪੁੱਤਰ ਗੁਰਮੀਤ ਸਿੰਘ (38) ਨਿਜੀ ਕੰਪਨੀ ਵਿੱਚ ਇੰਜੀਨੀਅਰ ਵੱਜੋਂ ਕੰਮ ਕਰਦਾ ਸੀ। ਇਜਸ ਸਮੇਂ ਅੱਤਵਾਦੀ ਹਮਲਾ ਹੋਇਆ ਤਾਂ ਉਹ ਫੋਨ ਉੱਤੇ ਘਰ ਵਿੱਚ ਹੀ ਗੱਲ ਕਰ ਰਿਹਾ ਸੀ, ਕਿ ਅਚਾਨਕ ਹੀ ਗੋਲੀ ਚੱਲਣ ਦੀ ਆਵਾਜ਼ ਆਈ। ਗੋਲੀ ਦੀ ਆਵਾਜ਼ ਸੁਣਦੇ ਹੀ ਚੀਕ ਪੁਕਾਰ ਸੁਣੀ। ਗੁਰਮੀਤ ਨੇ ਕਿਹਾ ਕਿ ਬਾਂਹ ਉੱਤੇ ਗੋਲੀ ਲੱਗੀ ਹੈ। ਪਰ ਕੁਝ ਹੀ ਸਮੇਂ 'ਚ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ।
ਦੋ ਧੀਆ ਤੇ ਪੁੱਤ ਛੱਡ ਗਿਆ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਆਪਣੇ ਪਿਛੇ ਮਾਂ ਬਾਪ ਤੋਂ ਇਲਾਵਾ ਪਤਨੀ, ਦੋ ਧੀਆ ਤੇ ਪੁੱਤ ਛੱਡ ਗਿਆ। ਉਥੇ ਹੀ ਪਿੱਛੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਜਿਥੇ ਪਤਨੀ ਤੋਂ ਆਪਣਾ ਆਪ ਨਹੀਂ ਸੰਭਾਲ ਹੋ ਰਿਹਾ ਉਥੇ ਹੀ ਬਜ਼ੁਰਗ ਮਾਪੇ ਵੀ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਨ।
ਰਿਸ਼ਤੇਦਾਰਾਂ ਨੇ ਮੰਗੀ ਮਦਦ
ਇਸ ਹਮਲੇ 'ਚ ਮਾਰੇ ਗਏ ਗੁਰਮੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਇਕਲੌਤਾ ਕਮਾਉਣ ਵਾਲਾ ਸੀ ਆਪਣੇ ਮਾਪਿਆਂ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਜੀਅ ਘਰੋਂ ਗਿਆ ਹੈ। ਇਸ ਲਈ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਾਂਹ ਫੜ੍ਹਨ ਦੀ ਲੋੜ ਹੈ।
ਸਰਕਾਰ ਬਣਨ ਤੋਂ ਬਾਅਦ ਇਹ ਦੂਜਾ ਹਮਲਾ ਹੈ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਉਮਰ ਅਬਦੁੱਲਾ ਦੀ ਅਗਵਾਈ 'ਚ ਨਵੀਂ ਸਰਕਾਰ ਬਣੀ ਨੂੰ ਸਿਰਫ 5 ਦਿਨ ਹੀ ਹੋਏ ਹਨ। ਅੱਤਵਾਦੀਆਂ ਨੇ ਪੰਜ ਦਿਨਾਂ ਦੇ ਅੰਦਰ ਦੂਜੀ ਵਾਰ ਹਮਲਾ ਕੀਤਾ। ਜ਼ਿਕਰਯੋਗ ਹੈ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ 'ਤੇ ਜ਼ੋਜਿਲਾ ਨੇੜੇ ਸੋਨਮਰਗ 'ਚ ਐਤਵਾਰ ਦੇਰ ਸ਼ਾਮ ਹੋਏ ਅੱਤਵਾਦੀ ਹਮਲੇ 'ਚ 7 ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਗੁੰਡ, ਗਾਂਦਰਬਲ 'ਚ ਸੁਰੰਗ ਪ੍ਰਾਜੈਕਟ 'ਤੇ ਕੰਮ ਕਰ ਰਹੇ ਕਰਮਚਾਰੀ ਅਤੇ ਹੋਰ ਕਰਮਚਾਰੀ ਦੇਰ ਸ਼ਾਮ ਆਪਣੇ ਕੈਂਪ ਵੱਲ ਪਰਤ ਰਹੇ ਸਨ।