"ਸ਼ਹੀਦੋਂ ਕੀ ਚਿਤਾਓਂ, ਪਰ ਲਗੇ ਹਰ ਬਰਸ ਮੇਲੇ, ਵਤਨ ਪਰ ਮਿਟਨੇ ਵਾਲੋਂ ਕਾ ਯਹੀ ਆਖਰੀ ਨਿਸ਼ਾਂ ਹੋਗਾ"
ਅੰਮ੍ਰਿਤਸਰ : ਪੂਰੇ ਦੇਸ਼ ਵਿੱਚ ਜੋ ਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਨੂੰ ਕਰਦਿਆਂ ਕਾਰਗਿਲ ਦਿਵਸ ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜੀ ਹਾਂ, ਦੇਸ਼ ਅਤੇ ਕੌਮ ਤੋਂ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਸਿਜਦਾ ਕੀਤਾ ਜਾਂਦਾ ਹੈ ਅਤੇ ਦੇਸ਼ ਤੋਂ ਜਾਣ ਵਾਰਨ ਵਾਲੇ ਸ਼ਹੀਦ ਅੱਜ ਦੀ ਨੌਜਵਾਨ ਪੀੜੀ ਦੇ ਲਈ ਇੱਕ ਪ੍ਰੇਰਨਾ ਦੇ ਸਰੋਤ ਅਤੇ ਸੱਚੇ ਹੀਰੋ ਵਜੋਂ ਜਾਣੇ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕਾਰਗਿਲ ਸ਼ਹੀਦ ਲਖਵਿੰਦਰ ਸਿੰਘ ਦੀ ਜੋ ਕਿ ਕਾਰਗਿਲ ਦੇ ਵਿੱਚ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਲਈ ਨਿਧੜਕ ਹੋ ਕੇ ਡਿਊਟੀ ਕਰਦੇ ਸ਼ਹੀਦ ਹੋਏ ਅਤੇ ਆਪਣੇ ਦੇਸ਼ ਦੇ ਨਾਲ ਨਾਲ ਆਪਣੇ ਪਿੰਡ ਅਤੇ ਪਰਿਵਾਰ ਨੂੰ ਸ਼ਹੀਦ ਦਾ ਪਰਿਵਾਰ ਹੋਣ ਦਾ ਮਾਣ ਬਖਸ਼ਿਆ।
ਯਾਦਗਾਰ ਵਜੋਂ ਉਨ੍ਹਾਂ ਦਾ ਬੁੱਤ ਸਥਾਪਿਤ ਕੀਤਾ: ਕਾਰਗਿਲ ਸ਼ਹੀਦ ਲਖਵਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਭਲਾਈਪੁਰ ਡੋਗਰਾਂ ਦੇ ਵਸਨੀਕ ਸਨ। ਕਾਰਗਿਲ ਵਿੱਚ ਸ਼ਹੀਦ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਾਈਪੁਰ ਡੋਗਰਾਂ ਦੇ ਵਿੱਚ ਹੀ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪਿੰਡ ਦੀ ਬਾਹਰਵਾਰ ਫਿਰਨੀ ਦੇ ਉੱਤੇ ਯਾਦਗਾਰ ਵਜੋਂ ਉਨ੍ਹਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਜਿੱਥੇ ਅੱਜ ਵੀ ਹਰ ਸਾਲ ਮੇਲਾ ਲੱਗਦਾ ਹੈ ਅਤੇ ਦੇਸ਼ ਕੌਮ ਦੇ ਇਸ ਸੂਰਵੀਰ ਯੋਧੇ ਨੂੰ ਨਤਮਸਤਕ ਹੋਣ ਦੇ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ।
ਪਤੀ ਦੀ ਯਾਦ ਨੂੰ ਅਮਰ ਰੱਖਦਿਆਂ: ਸ਼ਹੀਦ ਲਖਵਿੰਦਰ ਸਿੰਘ ਸਾਲ 1989 ਵਿੱਚ ਕੋਈ ਵਿੱਚ ਭਾਰਤੀ ਹੋਏ ਸਨ ਅਤੇ 1994 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਰਣਜੀਤ ਕੌਰ ਨਾਲ ਹੋਇਆ। ਇਸ ਦੌਰਾਨ ਉਨ੍ਹਾਂ ਦੇ ਘਰ ਦੋ ਪੁੱਤਰ ਅਤੇ ਇੱਕ ਬੇਟੀ ਨੇ ਜਨਮ ਲਿਆ।ਪਤੀ ਦੀ ਸ਼ਹਾਦਤ ਤੋਂ ਬਾਅਦ ਬੀਬੀ ਰਣਜੀਤ ਕੌਰ ਨੇ ਬੇਹੱਦ ਮਿਹਨਤ ਅਤੇ ਮਸ਼ੱਕਤ ਦੇ ਨਾਲ ਆਪਣੇ ਤਿੰਨੋਂ ਬੱਚਿਆਂ ਦਾ ਪਾਲਣ ਪੋਸ਼ਣ ਕਰਕੇ ਉਨ੍ਹਾਂ ਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ। ਇਸ ਦੇ ਨਾਲ ਹੀ ਆਪਣੇ ਪਤੀ ਦੀ ਯਾਦ ਨੂੰ ਅਮਰ ਰੱਖਦਿਆਂ ਪਿੰਡ ਦੇ ਬਾਹਰਵਾਰ ਸਥਿਤ ਸ਼ਹੀਦੀ ਸਮਾਰਕ ਤੇ ਹਰ ਸਾਲ ਮੇਲਾ ਕਰਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਸਬੰਧੀ ਜਾਣੂ ਕਰਵਾਉਂਦਿਆਂ ਉਨ੍ਹਾਂ ਨਾਲ ਜੋੜੀ ਰੱਖਿਆ।
ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਬਣਦੀ ਮਾਲੀ ਸਹਾਇਤਾ ਦਿੱਤੀ ਗਈ: ਜ਼ਿਕਰਯੋਗ ਹੈ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਜੱਦੀ ਪਿੰਡ ਭਲਾਈਪੁਰ ਡੋਗਰਾਂ ਦੇ ਵਿੱਚ ਸਥਿਤ ਸਕੂਲ ਦਾ ਨਾਮ ਸ਼ਹੀਦ ਲਖਵਿੰਦਰ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੀ ਫਿਰਨੀ ਦੇ ਉੱਤੇ ਉਨ੍ਹਾਂ ਦਾ ਯਾਦਗਰੀ ਸਮਾਰਕ ਵੀ ਬਣਾਇਆ ਗਿਆ ਹੈ। ਗੱਲਬਾਤ ਦੌਰਾਨ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਪਤੀ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦੀ ਮਾਲੀ ਸਹਾਇਤਾ ਅਤੇ ਹੋਰਨਾਂ ਲਾਭ ਦਿੱਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਲ ਵਿਭਾਗ ਦੇ ਵਿੱਚ ਬਤੌਰ ਕਲਰਕ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਹੁਣ ਬਤੌਰ ਸੁਪਰਡੈਂਟ ਅੰਮ੍ਰਿਤਸਰ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਹਰ ਚੀਜ਼ ਉਨ੍ਹਾਂ ਨੇ ਬੇਹੱਦ ਬੇਸ਼ਕੀਮਤੀ ਖਜ਼ਾਨੇ ਦੇ ਵਾਂਗੂ ਸੰਭਾਲੀ: ਉਨ੍ਹਾਂ ਦੱਸਿਆ ਕਿ ਹਰ ਮਹੀਨੇ ਸ਼ਹੀਦ ਲਖਵਿੰਦਰ ਸਿੰਘ ਦੇ ਯਾਦਗਾਰੀ ਸਮਾਰਕ ਦੇ ਉੱਤੇ ਸਾਫ ਸਫਾਈ ਕਰਵਾਈ ਜਾਂਦੀ ਹੈ ਹੈ। ਅਤੇ ਜਦੋਂ ਉਨ੍ਹਾਂ ਦਾ ਖੁਦ ਦਾ ਸਮਾਂ ਲੱਗਦਾ ਹੈ ਤੇ ਪਿੰਡ ਵਾਸੀਆਂ ਦੇ ਨਾਲ ਉਹ ਵੀ ਖੁਦ ਜਾ ਕੇ ਯਾਦਗਾਰੀ ਸਮਾਰਕ ਤੇ ਇਹ ਸੇਵਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਤੀ ਸ਼ਹੀਦ ਲਖਵਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਵੱਖ ਵੱਖ ਫੌਜੀ ਵਰਦੀਆਂ, ਉਨ੍ਹਾਂ ਦੀ ਹੱਥ ਲਿਖਤ ਡਾਇਰੀ, ਉਨ੍ਹਾਂ ਦੇ ਹੱਥ ਵਿੱਚ ਪਾਇਆ ਕੜਾ ਅਤੇ ਕਲਮ ਤੋਂ ਲੈ ਕੇ ਹਰ ਚੀਜ਼ ਉਨ੍ਹਾਂ ਨੇ ਬੇਹੱਦ ਬੇਸ਼ਕੀਮਤੀ ਖਜ਼ਾਨੇ ਦੇ ਵਾਂਗੂ ਆਪਣੇ ਘਰ ਦੇ ਵਿੱਚ ਸਾਂਭ ਰੱਖੀ ਹੈ। ਅੱਜ ਵੀ ਜਦੋਂ ਉਹ ਸ਼ਹੀਦ ਲਖਵਿੰਦਰ ਸਿੰਘ ਨੂੰ ਯਾਦ ਕਰਦੇ ਹਨ। ਉਨ੍ਹਾਂ ਦੀਆਂ ਇਹ ਯਾਦਾਂ ਦੇਖ ਕੇ ਹਮੇਸ਼ਾ ਉਨ੍ਹਾਂ ਨੂੰ ਆਪਣੇ ਕੋਲ ਮਹਿਸੂਸ ਕਰਦੇ ਹਨ।
ਦੇਸ਼ ਦੀ ਸੁਰੱਖਿਆ ਦਾ ਜਿੰਮਾ ਸੰਭਾਲਣ: ਬੀਬੀ ਰਣਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸ਼ਹਾਦਤ ਦੇ ਉੱਤੇ ਮਾਣ ਹੈ ਅਤੇ ਉਹ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਦੇਸ਼ ਕੌਮ ਦੀ ਸੇਵਾ ਵਾਸਤੇ ਉਹ ਅੱਗੇ ਆਉਣ ਅਤੇ ਦੇਸ਼ ਦੀ ਸੁਰੱਖਿਆ ਦਾ ਜਿੰਮਾ ਸੰਭਾਲਣ। ਉਨ੍ਹਾਂ ਸਰਕਾਰ ਵੱਲੋਂ ਕੀਤੀ ਗਈ ਸਹਾਇਤਾ ਦੇ ਉੱਤੇ ਤਸੱਲੀ ਪ੍ਰਗਟ ਕਰਨ ਤੋਂ ਇਲਾਵਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਦੇ ਸ਼ੁਰੂਆਤ ਵਿੱਚ ਸ਼ਹੀਦ ਲਖਵਿੰਦਰ ਸਿੰਘ ਦੀ ਯਾਦ ਵਿੱਚ ਇੱਕ ਗੇਟ ਤਿਆਰ ਕਰਵਾਇਆ ਜਾਵੇ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹੋਣਗੇ।
ਪਿੰਡ ਵਾਸੀ ਨਿਰਵੈਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ਼ਹੀਦ ਲਖਵਿੰਦਰ ਸਿੰਘ ਉਨ੍ਹਾਂ ਦੇ ਪਿੰਡ ਦੇ ਵਸਨੀਕ ਰਹੇ ਅਤੇ ਅੱਜ ਵੀ ਸਾਰਾ ਪਿੰਡ ਉਨ੍ਹਾਂ ਦੀ ਸ਼ਹਾਦਤ ਦੇ ਉੱਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਵਾਂਗ ਦੇਸ਼ ਦੀ ਸੇਵਾ ਦੇ ਲਈ ਹਰ ਇੱਕ ਨੌਜਵਾਨ ਅੱਗੇ ਆਵੇ ਅਤੇ ਦੇਸ਼ ਕੌਮ ਦੀ ਕਮਾਨ ਸੰਭਾਲੇ।