ਰੂਪਨਗਰ: ਜਿੰਦਗੀ ਦੇ ਇਕ ਪੜਾਅ ਉੱਤੇ ਜ਼ਿਆਦਾਤਰ ਲੋਕ ਇਹ ਸੋਚਣ ਲੱਗ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਉਮਰ ਦਾ ਇੱਕ ਵੱਡਾ ਹਿੱਸਾ ਹੰਢਾ ਲਿਆ ਗਿਆ ਹੈ ਅਤੇ ਹੁਣ ਜੋ ਬਾਕੀ ਬਚੀ ਉਮਰ ਪੋਤਰੀ-ਪੋਤਰਿਆਂ ਨਾਲ ਤੇ ਬਿਮਾਰੀਆਂ ਨਾਲ ਜੂਝਦੇ ਹੋਏ ਹੰਢਾਉਣੀ ਹੈ। ਪਰ, ਇਸ ਦੇ ਉਲਟ ਕੁਝ ਬਜ਼ੁਰਗ, ਜਾਂ ਕਹਿ ਲਈਏ "ਜਵਾਨ ਬਜ਼ੁਰਗ" ਜੀਤ ਰਾਮ ਕੌਸ਼ਲ ਨੇ ਇਸ ਕਥਨ ਨੂੰ ਝੂਠਾ ਪਾ ਦਿੱਤਾ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਸੁਪਨੇ ਸੱਚ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ, ਤਾਂ ਉਮਰ ਮਹਿਜ਼ ਨੰਬਰ ਹੀ ਹਨ। ਇੱਥੇ ਦੱਸ ਦਈਏ ਕਿ ਜੀਤ ਰਾਮ ਕੌਸ਼ਲ ਨੇ 79 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਦੇ ਦੱਖਣੀ ਬੇਸ ਕੈਂਪ ਉੱਤੇ ਪਹੁੰਚੇ ਅਤੇ ਉੱਥੇ ਤਿਰੰਗਾ ਲਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ ਉਚਾਈ ਸਮੁੰਦਰ ਤਲ ਤੋਂ ਕਰੀਬ 5545 ਮੀਟਰ ਉੱਪਰ ਹੈ ਅਤੇ ਇਸ ਜਗ੍ਹਾ ਦੇ ਉੱਤੇ ਤੰਦਰੁਸਤ ਵਿਅਕਤੀ ਵੀ ਜਾਣ ਤੋਂ ਪਹਿਲਾਂ ਬਹੁਤ ਸੌ ਵਾਰੀ ਸੋਚਦਾ ਹੈ। ਇੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਰਸਤਾ ਵੀ ਬੇਹਤ ਜੋਖ਼ਮ ਭਰਿਆ ਹੁੰਦਾ ਹੈ।
![Everest Base Camp, Jeet Ram Kaushal](https://etvbharatimages.akamaized.net/etvbharat/prod-images/11-02-2024/pb-roop-young-at-79yearsvisbite-pb10024_11022024081437_1102f_1707619477_83.jpg)
ਜਿੰਦਗੀ ਦੇ 23 ਸਾਲ ਵਿਦੇਸ਼ ਲੰਘੇ: ਜੀਤ ਰਾਮ ਕੌਸ਼ਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਕਰੀਬ 23 ਸਾਲ ਅਮਰੀਕਾ ਵਿੱਚ ਲਗਾ ਕੇ ਆਏ ਹਨ। ਕੇਵਲ ਸੱਤ ਡਾਲਰ ਉਸ ਵਕਤ ਉਨ੍ਹਾਂ ਕੋਲ ਸਨ, ਜਦੋਂ ਉਹ ਅਮਰੀਕਾ ਪੁੱਜੇ ਸਨ ਤੇ ਉਸ ਤੋਂ ਬਾਅਦ ਵੱਖ-ਵੱਖ ਵੱਡੇ ਅਦਾਰਿਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਆਪ ਨੂੰ ਉੱਥੇ ਹੀ ਉਨ੍ਹਾਂ ਨੇ ਪੱਕਾ ਕਰ ਲਿਆ, ਪਰ ਆਪਣੀ ਮਿੱਟੀ ਦਾ ਮੋਹ ਇੰਨਾ ਜਿਆਦਾ ਸੀ ਕਿ ਜਦੋਂ ਸਮਾਂ ਲੱਗਾ, ਤਾਂ ਵਾਪਸ ਆਪਣੇ ਦੇਸ਼ ਪਰਤ ਆਏ।
ਪੋਤਰੇ ਨੇ ਮਨ੍ਹਾਂ ਕੀਤਾ, ਪਰ ਬੇਸ ਕੈਂਪ 'ਤੇ ਜਾਣ ਦਾ ਜਜ਼ਬਾ ਬਰਕਰਾਰ ਰਿਹਾ: ਜੀਤ ਰਾਮ ਕੌਸ਼ਲ ਵੱਲੋਂ ਅਖਬਾਰ ਵਿੱਚ ਇੱਕ ਆਰਟੀਕਲ ਮਾਊਂਟ ਐਵਰੈਸਟ ਬਾਬਤ ਪੜ੍ਹਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਇਹ ਆਇਆ ਕਿ ਉਨ੍ਹਾਂ ਨੂੰ ਇਸ ਜਗ੍ਹਾ ਉੱਤੇ ਜਾ ਕੇ ਆਉਣਾ ਚਾਹੀਦਾ ਹੈ। ਜਦੋਂ, ਇਸ ਬਾਬਤ ਉਨ੍ਹਾਂ ਵੱਲੋਂ ਆਪਣੇ ਪੋਤਰੇ ਨਾਲ ਗੱਲਬਾਤ ਕੀਤੀ ਗਈ, ਤਾਂ ਪੋਤਰੇ ਨੇ ਕਿਹਾ ਕਿ ਤੁਸੀਂ ਇਸ ਉਮਰ ਵਿੱਚ ਉੱਥੇ ਨਾ ਜਾਓ, ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਉਹ ਜਗ੍ਹਾ ਠੀਕ ਨਹੀਂ ਹੈ। ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ।
![Everest Base Camp, Jeet Ram Kaushal](https://etvbharatimages.akamaized.net/etvbharat/prod-images/11-02-2024/20721646_all.jpg)
ਜਦੋਂ ਪਰਿਵਾਰ ਵੱਲੋਂ ਨਾ ਪੱਖੀ ਹੁੰਗਾਰਾ ਮਿਲਿਆ, ਤਾਂ ਜੀਤ ਰਾਮ ਕੌਂਸ਼ਲ ਨੇ ਇਸ ਗੱਲ ਨੂੰ ਲੜ ਬੰਨ ਲਿਆ ਕਿ ਹੁਣ ਉਹ ਬੈਂਸ ਕੈਂਪ ਜਾ ਕੇ ਦਿਖਾਉਣਗੇ। ਉਨ੍ਹਾਂ ਵੱਲੋਂ ਆਪਣੀ ਮੁੱਢਲਾ ਮੈਡੀਕਲ ਜਾਂਚ ਕਰਵਾਈ ਗਈ ਅਤੇ ਨੇਪਾਲ ਦਾ ਰੁਖ਼ ਕਰ ਲਿਆ ਗਿਆ ਅਤੇ ਫਿਰ ਆਪਣਾ ਸੁਪਨਾ ਪੂਰਾ ਕੀਤਾ।
ਬੇਸ ਕੈਂਪ 'ਤੇ ਪਹੁੰਚਣ ਦਾ ਸਫ਼ਰ : ਈਟੀਵੀ ਭਾਰਤ ਦੀ ਟੀਮ ਨਾਲ ਜੀਤ ਰਾਮ ਕੌਸ਼ਲ ਨੇ ਆਪਣੇ ਸਫਰ ਦਾ ਤਜ਼ਰਬਾ ਸਾਂਝਾ ਕਰਦਿਆ ਦੱਸਿਆ ਕਿ ਬੇਸ ਕੈਂਪ 'ਤੇ ਪਹੁੰਚਣ ਲਈ ਕਰੀਬ 6 ਦਿਨ ਦਾ ਸਮਾਂ ਲੱਗਾ। ਪਹਿਲੇ ਦਿਨ ਕੁੱਲ ਪੰਜ ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ। ਪਹਿਲੇ ਦਿਨ ਦਾ ਸਫਰ ਸੌਖਾ ਰਿਹਾ। ਪਰ, ਦੂਜੇ ਦਿਨ ਤੋਂ ਸਫ਼ਰ ਦਾ ਪੜਾਅ ਔਖਾ ਹੁੰਦਾ ਗਿਆ। ਜਿਵੇਂ-ਜਿਵੇਂ ਚੜਾਈ ਚੜਦੇ ਗਏ, ਮੁਸ਼ਕਲਾਂ ਹੋਰ ਵੱਧਦੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਿ ਜਦੋਂ ਆਕਸੀਜਨ ਘੱਟਣੀ ਸ਼ੁਰੂ ਹੋ ਗਈ ਜਾਂ ਜਦੋਂ ਸਾਹ ਚੜ੍ਹਦਾ, ਤਾਂ ਉਨ੍ਹਾਂ ਵੱਲੋਂ ਕਪੂਰ ਨੂੰ ਰੁਮਾਲ ਵਿੱਚ ਬੰਨ ਕੇ ਸੁੰਘ ਲਿਆ ਜਾਂਦਾ ਅਤੇ ਇਸ ਨੂੰ ਉਨ੍ਹਾਂ ਵੱਲੋਂ ਦੇਸੀ ਨੁਸਖੇ ਦੇ ਤੌਰ ਉੱਤੇ ਅਪਣਾਇਆ ਗਿਆ।
ਗਰੁੱਪ ਵਿੱਚ ਸਭ ਤੋਂ ਵੱਧ ਉਮਰ 79 ਸਾਲ ਅਤੇ ਸਭ ਤੋਂ ਘੱਟ ਉਮਰ ਦੇ ਪਰਬਤਾਂ ਰੋਹੀ ਦੀ ਉਮਰ 25 ਸਾਲ ਸੀ। ਜੀਤ ਰਾਮ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਬਾਕੀਆਂ ਨੂੰ ਇਹ ਹੌਸਲਾ ਦੇ ਰਹੀ ਸੀ ਕਿ ਜੇਕਰ ਉਹ ਇਸ ਔਖੇ ਪੈਂਡੇ ਉੱਤੇ ਚੱਲ ਸਕਦੇ ਹਨ, ਤਾਂ ਨੌਜਵਾਨਾਂ ਨੂੰ ਤਾਂ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਬਾਅਦ ਨੌਜਵਾਨਾਂ ਨੇ ਵੀ ਜੀਤ ਰਾਮ ਸਣੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਉੱਤੇ ਜਾ ਕੇ ਦੇਸ਼ ਦਾ ਝੰਡਾ ਲਹਿਰਾਇਆ। ਉਹ ਸਮਾਂ ਉਨ੍ਹਾਂ ਈ ਬਹੁਤ ਹੀ ਗੌਰਵਮਈ ਅਤੇ ਭਾਵੁਕ ਕਰਨ ਵਾਲਾ ਵੀ ਰਿਹਾ।
ਅਗਲਾ ਟੀਚਾ-ਸਾਊਥ ਪੋਲ ਜਾਣਾ: ਹੁਣ ਜੀਤ ਰਾਮ ਕੌਸ਼ਲ ਵੱਲੋਂ ਇੱਕ ਨਵੀਂ ਸੁਪਨੇ ਦੀ ਉਡਾਰੀ ਵੀ ਮਿੱਥ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤਿਆਰੀ ਕਰ ਰਹੇ ਹਨ ਕਿ ਉਹ ਸਾਊਥ ਪੋਲ ਉੱਤੇ ਜਾ ਕੇ ਆਉਣਗੇ. ਜੋ ਬਹੁਤ ਹੀ ਠੰਡ ਵਾਲੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਇੱਥੇ ਉਹ ਸ਼ਿੱਪ ਵਿੱਚ ਜਾਣਗੇ, ਪਰ ਅਗਲਾ ਟੀਚਾ ਉੱਥੇ ਹੀ ਜਾਣ ਦਾ ਹੈ।