ਲੁਧਿਆਣਾ: ਪੰਜਾਬ ਵਿੱਚ ਜਲਦ ਹੀ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਲਗਭਗ ਆਪਣੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ, ਅਤੇ ਜ਼ਿਆਦਾਤਰ ਪਾਰਟੀਆਂ ਵਲੋਂ ਆਪਣੇ ਪੁਰਾਣੇ ਉਮੀਦਵਾਰਾਂ ਉੱਤੇ ਚੋਣਾਂ ਲਈ ਦਾਅ ਖੇਡਿਆ ਗਿਆ ਹੈ। ਪਾਰਟੀਆਂ ਵਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਜਿੱਤ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇੱਥੇ ਦੱਸ ਦਈਏ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣ ਲਈ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ।
ਪਹਿਲੀ ਵਾਰ ਆਪ ਨੇ ਦਿੱਤਾ ਮੌਕਾ: ਆਮ ਆਦਮੀ ਪਾਰਟੀ ਨੇ ਅਸ਼ੋਕ ਪਰਾਸ਼ਰ ਪੱਪੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਹੈ। ਜੇਕਰ ਅਸ਼ੋਕ ਪੱਪੀ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦਾ ਜਨਮ 28 ਨਵੰਬਰ 1964 ਦੇ ਵਿੱਚ ਹੋਇਆ ਸੀ। ਉਨ੍ਹਾਂ ਦੀ ਉਮਰ ਲਗਭਗ 60 ਸਾਲ ਦੇ ਕਰੀਬ ਹੈ। ਸਾਲ 2022 ਵਿੱਚ ਪਹਿਲੀ ਵਾਰ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ, ਜਦੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ਲਈ ਲੁਧਿਆਣਾ ਕੇਂਦਰੀ ਤੋਂ ਟਿਕਟ ਦਿੱਤੀ ਗਈ ਸੀ। ਅਸ਼ੋਕ ਪੱਪੀ ਨੇ ਲੁਧਿਆਣਾ ਕੇਂਦਰੀ ਤੋਂ ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ ਅਤੇ ਨਾਲ ਹੀ ਕਾਂਗਰਸ ਦੇ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਲੀਡਰ ਸੁਰਿੰਦਰ ਡਾਵਰ ਨੂੰ ਮਾਤ (AAP Candidate Ashok Parashar Political Profile) ਦਿੱਤੀ ਸੀ।
ਪਹਿਲਾਂ ਕਾਂਗਰਸ ਆਗੂ ਰਹਿ ਚੁੱਕੇ ਅਸ਼ੋਕ: 2022 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਅਸ਼ੋਕ ਪੱਪੀ ਨੂੰ ਕੁੱਲ 32,789 ਵੋਟਾਂ ਪਈਆਂ ਸਨ, ਜਦਕਿ ਭਾਜਪਾ ਦੇ ਗੁਰਦੇਵ ਸ਼ਰਮਾ ਦੇਬੀ ਨੂੰ 27,985 ਇਸੇ ਤਰ੍ਹਾਂ ਕਾਂਗਰਸ ਦੇ ਸੁਰਿੰਦਰ ਡਾਬਰ ਨੂੰ 26972 ਵੋਟਾਂ ਪਈਆਂ ਸਨ। 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸ਼ੋਕ ਪੱਪੀ ਵੀ ਕਾਂਗਰਸ ਦਾ ਹੀ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਕਾਂਗਰਸ ਤੋਂ ਕੌਂਸਲਰ ਰਹੇ ਹਨ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਤੁਰੰਤ ਬਾਅਦ ਹੀ, ਉਨ੍ਹਾਂ ਨੂੰ 2022 ਵਿਧਾਨ ਸਭਾ ਚੋਣਾਂ ਲਈ ਹਲਕਾ ਕੇਂਦਰ ਦੀ ਤੋਂ ਟਿਕਟ ਮਿਲੀ ਸੀ।
ਖੁਦ ਉੱਤੇ ਕੋਈ ਪਰਚਾ ਨਾ ਹੋਣ ਦਾ ਦਾਅਵਾ: ਅਸ਼ੋਕ ਪੱਪੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਜਿੱਤਣ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਉਹ 17 ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੋਸ਼ਟਿਕ ਖੁਰਾਕ ਨੂੰ ਯਕੀਨੀ ਬਣਾਉਣ ਲਈ ਫਲ ਵੰਡਿਆ ਕਰਨਗੇ। ਇਸ ਸਕੀਮ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ। ਅਸ਼ੋਕ ਪੱਪੀ ਦੀ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਦੱਸਵੀਂ ਪਾਸ ਹਨ। ਉਨ੍ਹਾਂ ਦੇ ਭਰਾ ਨੇ ਵੀ ਬਾਅਦ ਵਿੱਚ ਅਸ਼ੋਕ ਪਰਾਸ਼ਰ ਦਾ ਹੀ ਸਾਥ ਦੇਣ ਦਾ ਫੈਸਲਾ ਕੀਤਾ। 2022 ਵਿੱਚ ਲਗਾਏ ਗਏ ਆਪਣੇ ਪ੍ਰੋਫਾਈਲ ਸਬੰਧੀ ਜਾਣਕਾਰੀ ਵਿੱਚ ਅਸ਼ੋਕ ਪਰਾਸ਼ਰ ਨੇ ਖੁਦ ਦੇ ਕੋਈ ਵੀ ਪਰਚਾ ਨਾ ਹੋਣ ਦਾ ਵੀ ਦਾਅਵਾ ਕੀਤਾ ਸੀ।