ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੇ ਪੂਰੀ ਪਲਾਨਿੰਗ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਹਰਿਮੰਦਰ ਸਾਹਿਬ ਆ ਰਿਹਾ ਸੀ। ਹਮਲੇ ਤੋਂ ਬਾਅਦ ਪੁਲਿਸ ਨੇ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਉੱਥੇ ਤਾਇਨਾਤ ਸੇਵਾਦਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪੁਲਿਸ ਨੇ 4 ਦਸੰਬਰ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ, ਇਸ ਸਭ ਕਾਰਵਾਈ ਤੋਂ ਬਾਅਦ ਪੁਲਿਸ ਨੂੰ ਨਰਾਇਣ ਸਿੰਘ ਚੌੜਾ ਦੇ ਖਤਰਨਾਕ ਪਲਾਨ ਦਾ ਸੱਚ ਸਪੱਸ਼ਟ ਹੋਇਆ ਹੈ।
ਸੀਸੀਟੀਵੀ ਤਸਵੀਰਾਂ ਵਿੱਚ ਮੁਲਜ਼ਮ ਨਰਾਇਣ ਚੌੜਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਸ ਸਮੇਂ ਉਸ ਕੋਲ ਹਥਿਆਰ ਮੌਜੂਦ ਸੀ ਜਾਂ ਨਹੀਂ ਇਹ ਸਾਫ ਨਹੀਂ ਹੋ ਸਕਿਆ, ਪਰ ਸ੍ਰੀ ਦਰਬਾਰ ਸਾਹਿਬ ਅੰਦਰ ਆਉਂਦੇ ਹੋਏ ਨਰਾਇਣ ਸਿੰਘ ਚੌੜਾ ਲਗਾਤਾਰ ਫੋਨ ਉੱਤੇ ਗੱਲਬਾਤ ਕਰਦਾ ਹੋਇਆ ਨਜ਼ਰ ਆਇਆ।
ਇੱਥੇ ਪੁਆਇੰਟਾਂ ਨਾਲ ਸਮਝੋ ਸੁਖਬੀਰ ਬਾਦਲ ਉੱਤੇ ਹਮਲੇ ਨੂੰ ਲੈ ਕੇ ਜਾਰੀ ਹੋਰ ਸੀਸੀਟੀਵੀ ਫੁਟੇਜ ਬਾਰੇ...
- 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਬਾਦਲ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ।
- 3 ਦਸੰਬਰ ਨੂੰ ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ ਰਿਹਾ, ਉਸ ਦਿਨ ਉਨ੍ਹਾਂ ਨੇ ਡਿਓੜੀ ਉੱਤੇ ਪਹਿਰੇਦਾਰੀ ਕੀਤੀ।
- 3 ਦਸੰਬਰ ਨੂੰ ਹੀ ਮੁਲਜ਼ਮ ਨਰਾਇਣ ਚੌੜਾ ਸ੍ਰੀ ਦਰਬਾਰ ਸਾਹਿਬ ਆਇਆ।
- ਹਮਲੇ ਵਾਲੇ ਦਿਨ 4 ਦਸੰਬਰ ਨੂੰ ਮੁੜ ਨਰਾਇਣ ਚੌੜਾ ਦਰਬਾਰ ਸਾਹਿਬ ਆਇਆ ਅਤੇ ਸਵੇਰੇ ਕਰਬੀ 9.11 ਵਜੇ ਪਰਿਸਰ ਵਿੱਚ ਪਹੁੰਚਦੇ ਹੋਏ ਚੌੜਾ ਲਗਾਤਾਰ ਕਿਸੇ ਨਾਲ ਫੋਨ ਉੱਤੇ ਸੰਪਰਕ ਵਿੱਚ ਰਿਹਾ ਹੈ।
- ਮੁਲਜ਼ਮ ਚੌੜਾ ਸ੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਹੋਇਆ।
- ਪਹਿਲਾਂ ਉਹ (ਮੁਲਜ਼ਮ ਨਰਾਇਣ ਚੌੜਾ) ਸੁਖਬੀਰ ਬਾਦਲ ਕੋਲ ਨਹੀਂ ਗਿਆ, ਜੋ ਡਿਓੜੀ ਵਿੱਚ ਹੀ ਪਹਿਰੇਦਾਰੀ ਦੀ ਸਜ਼ਾ ਭੁਗਤਾ ਰਹੇ ਸਨ।
- ਨਰਾਇਣ ਚੌੜਾ ਨੇ ਪਹਿਲਾਂ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਪਾਠ ਕੀਤਾ ਅਤੇ ਸਹੀ ਜਗ੍ਹਾ ਲੱਭੀ, ਜਿੱਥੋਂ ਉਹ ਘਟਨਾ ਨੂੰ ਅੰਜਾਮ ਦੇ ਸਕਦਾ ਸੀ।
- ਫਿਰ ਸਵੇਰੇ 9.13 ਵਜੇ ਚੌਰਾ ਪਰਿਕਰਮਾ ਵਿੱਚ ਬਾਬਾ ਬੁੱਢਾ ਬੇਰ ਨੇੜੇ ਦਿਖਾਈ ਦੇ ਰਿਹਾ। ਇਸ ਤੋਂ ਬਾਅਦ ਉਹ ਦਰਸ਼ਨੀ ਡਿਓੜੀ ਤੋਂ ਹੇਠਾਂ ਪੌੜੀਆਂ ਚੜ੍ਹਦੇ ਹੋਏ ਸੀਸੀਟੀਵੀ ਵਿੱਚ ਕੈਦ ਹੋਇਆ।
- ਸਵੇਰੇ 9.26 ਵਜੇ ਉਸ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਪਰ ਪੁਲਿਸ ਦੀ ਮੁਸਤੈਦੀ ਕਾਰਨ ਜਾਨੀ ਨੁਕਸਾਨ ਨਹੀ ਹੋਇਆ ਅਤੇ ਨਰਾਇਣ ਚੌੜਾ ਨੂੰ ਉਸੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ।
ਤੜਕੇ ਘਰੋਂ ਨਿਕਲ ਚੁੱਕਾ ਸੀ ਨਰਾਇਣ ਚੌੜਾ
ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਰਾਇਣ ਸਿੰਘ ਕਰੀਬ ਸਵਾ 6 ਵਜੇ ਘਰੋਂ ਨਿਕਲਿਆ ਸੀ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰ ਤੋਂ ਚਲਾ ਗਿਆ ਸੀ, ਉਨ੍ਹਾਂ ਨੂੰ ਵੀ ਇਸ ਘਟਨਾ ਬਾਰੇ ਪਤਾ ਨਹੀਂ ਸੀ। ਸਵਾਲ ਖੜ੍ਹੇ ਹੁੰਦੇ ਹਨ ਕਿ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਪਹੁੰਚਣ ਲਈ ਇੱਕ ਤੋਂ ਡੇਢ ਘੰਟੇ ਦਾ ਸਮਾਂ ਲੱਗਦਾ ਹੈ। 9.11 ਵਜੇ ਉਹ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਇਆ। ਜਾਂਚ ਦਾ ਵਿਸ਼ਾ ਇਹ ਹੈ ਕਿ ਉਹ ਡੇਢ ਘੰਟਾ ਕਿੱਥੇ ਰਿਹਾ ਅਤੇ ਕਿਸ ਨੂੰ ਮਿਲਿਆ। ਇਸ ਉੱਤੇ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।