ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਬੁਲਾਰੇ ਕੁਲਦੀਪ ਵੈਦ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਪੰਚਾਇਤੀ ਚੋਣਾਂ ਸਿਰ 'ਤੇ ਨੇ ਪਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਵਰਕਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਵਰਕਰਾਂ ਨੂੰ ਮਿਲ ਰਹੀਆਂ ਧਮਕੀਆਂ
ਉਨ੍ਹਾਂ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਕੁਲਦੀਪ ਵੈਦ ਨੇ ਇਹ ਵੀ ਜ਼ਿਕਰ ਕੀਤਾ ਕਿ ਇਹਨਾਂ ਚੋਣਾਂ ਨੂੰ ਕਰਾਉਣ ਲਈ ਉਹਨਾਂ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਵੀ ਦਿੱਤੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਕਿਸੇ ਵੀ ਪੰਚਾਇਤ ਦੇ ਕਾਗਜ ਰੱਦ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਚੋਣਾਂ 'ਚ ਧੱਕਾ ਕੀਤਾ ਗਿਆ ਹੈ ਤੇ ਹੁਣ ਸਾਡੇ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ।
ਪੰਚਾਇਤੀ ਚੋਣਾਂ ਵਿੱਚ ਵੀਡੀਓਗ੍ਰਾਫੀ ਦੀ ਮੰਗ
ਕੁਲਦੀਪ ਵੈਦ ਨੇ ਕਿਹਾ ਕਿ ਕਈ ਮੈਂਬਰਾਂ ਦੇ ਕਾਗਜ ਇਧਰ-ਉਧਰ ਕੀਤੇ ਗਏ ਹਨ, ਜਿਸ ਨੂੰ ਲੈ ਕੇ ਸਾਨੂੰ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਵੀਡੀਓਗ੍ਰਾਫੀ ਨਹੀਂ ਕਰਵਾਈ ਜਾਂਦੀ ਤਾਂ ਇਹ ਸਿੱਧੇ ਤੌਰ 'ਤੇ ਧੱਕੇਸ਼ਾਹੀ ਹੋਵੇਗੀ ਅਤੇ ਇਸ ਲਈ ਸਰਕਾਰ ਦੇ ਇਰਾਦਿਆਂ 'ਤੇ ਸਵਾਲ ਖੜੇ ਹੋਣਗੇ।
ਪ੍ਰਸ਼ਾਸਨ ਨੂੰ ਅਗਾਊਂ ਪ੍ਰਬੰਧ ਕਰਨ ਦੀ ਅਪੀਲ
ਇਸ ਦੇ ਨਾਲ ਹੀ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਮੌਜੂਦਾ ਸਰਕਾਰ ਤੋਂ ਮੰਗ ਕਰਦੇ ਨੇ ਕਿ ਇੰਨ੍ਹਾਂ ਪੰਚਾਇਤੀ ਚੋਣਾਂ ਨੂੰ ਫਰੀ ਐਂਡ ਫੇਅਰ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਚੋਣਾਂ ਦੇ ਵਿੱਚ ਸਥਿਤੀ ਖਰਾਬ ਹੋ ਸਕਦੀ ਹੈ, ਇਸ ਕਰਕੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ।