ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਨਗਰ ਨਿਗਮ ਦਫਤਰ ਬਾਹਰ 27 ਫਰਵਰੀ ਨੂੰ ਕਾਂਗਰਸ ਆਗੂਆਂ ਨੂੰ ਪ੍ਰਦਰਸ਼ਨ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਅੱਜ ਪੁਲਿਸ ਵੱਲੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਣੇ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਜੂਦਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁੰਦਰ ਸ਼ਾਮ ਅਰੋੜਾ ਉੱਤੇ ਮਾਮਲਾ ਦਰਜ ਕੀਤਾ ਗਿਆ। ਇਹਨਾਂ ਆਗੂਆਂ ਦਾ ਨਾਂ ਐਫਆਈਆਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦਰਅਸਲ ਇਹ ਸ਼ਿਕਾਇਤ ਨਗਰ ਨਿਗਮ ਦੇ ਹੀ ਇੱਕ ਮੁਲਾਜ਼ਮ ਅਮਿਤ ਕੁਮਾਰ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ ਜਿਸ ਨੇ ਕਿਹਾ ਹੈ ਕਿ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਗਿਆ ਹੈ ਅਤੇ ਨਾਲ ਹੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਹੈ ਜਿਸ ਦੇ ਅਧਾਰ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਬਿੱਟੂ, ਆਸ਼ੂ ਸਣੇ ਹੋਰ ਕਾਂਗਰਸੀ ਆਗੂਆਂ ਉੱਤੇ ਪਰਚਾ: ਲੁਧਿਆਣਾ ਡਿਵੀਜ਼ਨ ਨੰਬਰ ਇੱਕ ਕੋਤਵਾਲੀ ਵੱਲੋਂ ਆਈਪੀਸੀ ਦੀ ਧਾਰਾ 383, 149, 186 ਦੇ ਤਹਿਤ ਹੀ ਇਹ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਉੱਤੇ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸੀਨੀਅਰ ਅਫਸਰ ਹੀ ਇਸ ਮਾਮਲੇ ਉੱਤੇ ਗੱਲਬਾਤ ਕਰਨਗੇ। ਉਹਨਾਂ ਨੇ ਕਿਹਾ ਕਿ ਆਨਲਾਈਨ ਇਸ ਸਬੰਧੀ ਐਫਆਈਆਰ ਦੀ ਕਾਪੀ ਪਾ ਦਿੱਤੀ ਗਈ ਹੈ। ਕਾਂਗਰਸ ਦੇ ਚਾਰ ਸੀਨੀਅਰ ਆਗੂਆ ਦੇ ਸਣੇ 50 ਤੋਂ 60 ਅਣਪਛਾਤਿਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ, ਪਰ ਰਵਨੀਤ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਰ ਅਤੇ ਸ਼ਾਮ ਸੁੰਦਰ ਅਰੋੜਾ ਦਾ ਨਾਮ ਐਫਆਈਆਰ ਦੇ ਵਿੱਚ ਦਰਜ ਕੀਤਾ ਗਿਆ ਹੈ।
ਦੱਸ ਦਈਏ 27 ਫਰਵਰੀ ਨੂੰ ਲੁਧਿਆਣਾ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਦਿੱਤਾ ਸੀ ਅਤੇ ਇਸ ਧਰਨੇ ਦੇ ਵਿੱਚ ਲੁਧਿਆਣਾ ਦੀ ਸਾਰੀ ਹੀ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਰਹੀ ਸੀ। ਇਹ ਤਾਲਾ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਨੇ ਖੁਦ ਲਗਾਇਆ ਸੀ ਜਿਸ ਤੋਂ ਬਾਅਦ ਰਵਨੀਤ ਬਿੱਟੂ ਦੇ ਸਣੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਤੇ ਹੋਰਨਾਂ ਆਗੂਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਰਵਨੀਤ ਬਿੱਟੂ ਨੇ ਦਾਅਵਾ ਕੀਤਾ ਸੀ ਕਿ ਨਗਰ ਨਿਗਮ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਨ ਅਤੇ ਲੁਧਿਆਣਾ ਤੋਂ ਐਮਐਲਏ ਹੀ ਸਾਰਾ ਕੰਮਕਾਰ ਆਪਣੇ ਹੱਥ ਦੇ ਵਿੱਚ ਲੈ ਕੇ ਬੈਠੇ ਹਨ, ਸਰਕਾਰ ਚੋਣ ਨਹੀਂ ਕਰਵਾ ਰਹੀ ਹੈ ਅਤੇ ਇਹ ਸੰਵਿਧਾਨ ਦਾ ਉਲੰਘਣਾ ਹੈ। ਜਿਸ ਕਰਕੇ ਉਨ੍ਹਾਂ ਵੱਲੋਂ ਧਰਨੇ ਪ੍ਰਦਰਸ਼ਨ ਨਗਰ ਨਿਗਮ ਦਫਤਰ ਦੇ ਬਾਹਰ ਕੀਤੇ ਗਏ ਸੀ, ਪਰ ਅੱਜ ਪੁਲਿਸ ਵੱਲੋਂ ਦੋ ਦਿਨ ਬਾਅਦ ਬੀਤੀ ਦੇਰ ਰਾਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਰਚੇ ਉੱਤੇ ਰਿਐਕਸ਼ਨ: ਦੂਜੇ ਪਾਸੇ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਾਂਗਰਸੀ ਆਗੂਆਂ ਉੱਤੇ ਕੀਤੇ ਗਏ ਪਰਚੇ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕੀਤੀ ਹੈ। ਬਿੱਟੂ ਨੇ ਕਿਹਾ ਹੈ ਕਿ ਜਦੋਂ ਹਰਿਆਣਾ ਪੁਲਿਸ ਨੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ, ਤਾਂ ਪੰਜਾਬ ਪੁਲਿਸ ਦੇ ਹੱਥ ਕੰਬਦੇ ਰਹੇ। ਉੱਥੇ ਹੀ ਜਦੋਂ ਅਸੀਂ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕੀ ਤਾਂ ਸਾਡੇ ਉੱਤੇ ਹੀ ਐਫ ਆਈਆਰ ਅਗਲੇ ਦਿਨ ਦਰਜ ਕਰ ਦਿੱਤੀ ਗਈ।