ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣਾ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਬਰਨਾਲਾ ਵਿਖੇ ਕਿਸਾਨ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। 2 ਸਤੰਬਰ ਨੂੰ ਮਹਿਲਾ ਪ੍ਰਦਰਸ਼ਨਕਾਰੀ ਵਲੋਂ ਚੰਡੀਗੜ੍ਹ ਵਿਖੇ ਇੱਕਠ ਕੀਤਾ ਜਾਵੇਗਾ, ਜੋ ਖੁਦਕੁਸ਼ੀ (ਪਤੀ ਤੇ ਪੁੱਤਰ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ) ਤੋਂ ਪੀੜਤ ਹਨ।
ਹੁਣ ਕਿਸਾਨ ਚੰਡੀਗੜ੍ਹ ਦੇਣਗੇ ਧਰਨਾ: ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 27 ਅਗਸਤ ਤੋਂ 31 ਅਗਸਤ ਤੱਕ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਜਾਣੇ ਸਨ, ਜਿਨ੍ਹਾਂ ਨੂੰ ਹੁਣ ਮੁਲਤਵੀ ਕਰ ਦਿੱਤਾ ਹੈ, ਕਿਉਂਕਿ 2 ਸਤੰਬਰ ਤੋਂ 4 ਸਤੰਬਰ ਤੱਕ ਪੰਜਾਬ ਸਰਕਾਰ ਦਾ ਵਿਧਾਨ ਸਭਾ ਸੈਸ਼ਨ ਹੋਵੇਗਾ ਜਿਸ ਕਰਕੇ ਕਿਸਾਨ ਜਥੇਬੰਦੀ ਵੱਲੋਂ ਹੁਣ ਇਕ ਸਤੰਬਰ ਤੋਂ ਆਪਣਾ ਸੰਘਰਸ਼ ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ। ਜੋਗਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਚੰਡੀਗੜ੍ਹ ਵਿੱਚ ਦਾਖ਼ਲ ਹੋਣਗੇ, ਜੇਕਰ ਉਨ੍ਹਾਂ ਨੂੰ ਰੋਕਿਆ ਗਿਆ, ਤਾਂ ਅਗਲਾ ਸੰਘਰਸ਼ ਮੌਕੇ ਅਨੁਸਾਰ ਤਹਿ ਕੀਤਾ ਜਾਵੇਗਾ।
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦਿਨਾਂ 'ਚ ਉੱਥੇ ਹੀ ਰਹਿਣਗੇ ਕਿਸਾਨ: ਆਗੂਆਂ ਨੇ ਕਿਹਾ ਕਿ 4 ਸਤੰਬਰ ਨੂੰ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ, ਜਿਸ ਦਾ ਐਲਾਨ 5 ਸਤੰਬਰ ਨੂੰ ਮੋਰਚੇ ਵਿੱਚ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਉਨ੍ਹਾਂ ਦੀ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ ਵਿੱਚ ਰਾਸ਼ਨ, ਦੁੱਧ ਅਤੇ ਹੋਰ ਲੋੜੀਂਦਾ ਸਮਾਨ ਲੈ ਕੇ ਪਹੁੰਚਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਪੰਜਾਬ ਦੀ ਕਿਸਾਨੀ ਪੱਖੀ ਖੇਤੀ ਨੀਤੀ ਬਣਾਉਣ ਦੀ ਹੈ। ਪੰਜਾਬ ਸਰਕਾਰ ਨੂੰ ਉਹ ਪਿਛਲੇ ਕਰੀਬ ਦੋ ਸਾਲ ਪਹਿਲਾਂ ਤੋਂ ਖੇਤੀ ਨੀਤੀ ਦਾ ਖਰੜਾ ਦੇ ਚੁੱਕੇ ਹਨ, ਪ੍ਰੰਤੂ ਉਸ ਉਪਰੰਤ ਸੂਬਾ ਸਰਕਾਰ ਨੇ ਕੋਈ ਵੀ ਖੇਤੀ ਨੀਤੀ ਦਾ ਅਜੇ ਤੱਕ ਐਲਾਨ ਨਹੀਂ ਕੀਤਾ।
ਕਿਸਾਨਾਂ ਦੀਆਂ ਮੰਗਾਂ : ਕਿਸਾਨ ਆਗੂਆਂ ਦੀ ਮੰਗ ਹੈ ਕਿ ਅਜਿਹੀ ਖੇਤੀ ਨੀਤੀ ਪੰਜਾਬ ਸਰਕਾਰ ਬਣਾਵੇ, ਜਿਸ ਵਿੱਚ ਕਿਸਾਨਾਂ ਨੂੰ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾਂ ਦਾ ਐਮਐਸਪੀ ਅਤੇ ਖਰੀਦ ਦੀ ਗਰੰਟੀ ਦਿੱਤੀ ਜਾਵੇ। ਇਸ ਤੋਂ ਇਲਾਵਾ ਇਸ ਖੇਤੀ ਨੀਤੀ ਵਿੱਚ ਕਿਸਾਨਾਂ ਨੂੰ ਕਾਰਪੋਰੇਟਾਂ ਅਤੇ ਸੂਦਖੋਰਾਂ ਤੋਂ ਨਿਜਾਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਇਸ ਮੋਰਚੇ ਵਿੱਚ ਉਨ੍ਹਾਂ ਨਾਲ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਅਤੇ ਨਸ਼ੇ ਨਾਲ ਮਰਨ ਵਾਲਿਆਂ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਇਹ ਮੋਰਚਾ ਨਿਰੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਹੈ, ਜਦਕਿ ਬਾਕੀ ਹੋਰ ਵੱਖ ਵੱਖ ਸੰਘਰਸ਼ਸ਼ੀਲ ਭਰਾਤਰੀ ਜਥੇਬੰਦੀਆਂ ਸਾਡੇ ਸੰਘਰਸ਼ ਦੀ ਸਮਰਥਨ ਵਿੱਚ ਜ਼ਿਲ੍ਹਾ ਪੱਧਰ ਤੇ ਸੰਘਰਸ਼ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਮੋਰਚੇ ਵਿੱਚ ਉਨ੍ਹਾਂ ਦੀਆਂ ਮੰਗਾਂ ਵਿੱਚ ਪੰਜਾਬ ਦੀ ਖੇਤੀ ਨੀਤੀ ਬਣਾਉਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ, ਨਸ਼ੇ ਦੇ ਖ਼ਾਤਮੇ, ਕਿਸਾਨਾਂ ਦੀਆਂ ਬਰਬਾਦ ਫਸਲਾਂ ਦਾ ਮੁਆਵਜ਼ਾ, ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਜਮੀਨਾਂ ਦੀ ਸਹੀ ਵੰਡ ਸ਼ਾਮਿਲ ਹਨ।