ਚੰਡੀਗੜ੍ਹ: ਬੀਤੇ ਦਿਨ ਸ਼ੰਭੂ ਸਰਹੱਦ 'ਤੇ ਸਲਫਾਸ ਨਿਗਲਣ ਵਾਲੇ ਖੰਨਾ ਦੇ ਪਿੰਡ ਰਤਨਹੇੜੀ ਦੇ ਕਿਸਾਨ ਰਣਜੋਧ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਰਣਜੋਧ ਦੀ ਮ੍ਰਿਤਕ ਦੇਹ ਨੂੰ ਸ਼ੰਭੂ ਸਰਹੱਦ 'ਤੇ ਲਿਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਸ਼ੰਭੂ ਸਰਹੱਦ 'ਤੇ ਨਿਗਲਿਆ ਸੀ ਸਲਫਾਸ
ਕਾਬਿਲੇਗੌਰ ਹੈ ਕਿ ਨੌਜਵਾਨ ਕਿਸਾਨ ਰਣਜੋਧ ਸਿੰਘ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਮੌਤ ਹੋ ਗਈ ਹੈ। ਜਿਸ ਨੇ ਕਿ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਨੌਜਵਾਨ ਕਿਸਾਨ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਅਤੇ ਭਾਜਪਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਿਆ ਦੱਸਿਅ ਜਾ ਰਿਹਾ ਹੈ।
ਡੱਲੇਵਾਲ ਦੇ ਮਰਨ ਵਰਤ ਨੂੰ ਲੈਕੇ ਫਿਕਰਮੰਦ ਸੀ ਮ੍ਰਿਤਕ
ਦੱਸ ਦਈਏ ਕਿ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਰਣਯੋਧ ਸਿੰਘ, ਉਨ੍ਹਾਂ ਦੀ ਜਥੇਬੰਦੀ ਦਾ ਮੈਂਬਰ ਸੀ, ਜੋ 13 ਫਰਵਰੀ ਤੋਂ ਹੀ ਕਿਸਾਨਾਂ ਦਾ ਸਾਥ ਨਿਭਾ ਰਿਹਾ ਸੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ, ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਸੀ ਅਤੇ ਹੁਣ ਹਰਿਆਣਾ ਸਰਕਾਰ ਵੱਲੋਂ ਦਿੱਲੀ ਕੂਚ ਦੌਰਾਨ 101 ਕਿਸਾਨਾਂ ਦੇ ਜੱਥਿਆਂ 'ਤੇ ਤਸ਼ੱਦਦ ਨੂੰ ਲੈ ਕੇ ਹੋਰ ਪ੍ਰੇਸ਼ਾਨ ਹੋ ਗਿਆ ਸੀ।
ਇਲਾਜ ਦੌਰਾਨ ਹੋਈ ਕਿਸਾਨ ਦੀ ਮੌਤ
ਕਿਸਾਨ ਆਗੂਆਂ ਨੇ ਦੱਸਿਆ ਕਿ 14 ਦਸੰਬਰ ਨੂੰ ਰਣਜੋਧ ਸਿੰਘ ਸ਼ੰਭੂ ਬਾਰਡਰ 'ਤੇ ਸਟੇਜ ਨਜ਼ਦੀਕ ਡਿੱਗਿਆ ਹੋਇਆ ਮਿਲਿਆ, ਜਿਸ ਨੇ ਸਲਫਾਸ ਨਿਗਲ ਲਈ ਸੀ। ਪਹਿਲਾਂ ਕਿਸਾਨ ਨੂੰ ਰਾਜਪੁਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਦੇ ਚੱਲਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਥੇ ਅੱਜ ਉਸ ਨੇ ਅੰਤਿਮ ਸਾਹ ਲਏ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਿਰ 'ਤੇ ਕਰਜ਼ਾ ਵੀ ਸੀ।