ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਗਠਿਤ ਕਮੇਟੀ ਦੀ ਅੱਜ ਪੰਚਕੁਲਾ 'ਚ ਹੋਣ ਵਾਲੈ ਮੀਟਿੰਗ ਰੱਦ ਹੋ ਗਈ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਕਿਸਾਨ ਜਥੇਬੰਦੀਆਂ ਨੂੰ ਅੱਜ ਪੰਚਕੂਲਾ ਸਥਿਤ ਪੀਡਬਲਿਊਡੀ ਰੈਸਟ ਹਾਊਸ ਵਿਖੇ ਬੁਲਾਇਆ ਸੀ, ਜਦਕਿ ਸੰਯੂਕਤ ਕਿਸਾਨ ਮੋਰਚਾ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਇਨਕਾਰ ਤੋਂ ਬਾਅਦ ਸੁਪਰੀਮ ਬੈਠਕ ਨੂੰ ਰੱਦ ਕਰਨ ਦਾ ਫੈਸਲਾ ਸਾਹਮਣੇ ਆਇਆ ਹੈ। ਕਮੇਟੀ ਨੇ ਕਿਹਾ ਕਿ ਜਦ ਇਸ ਮੀਟਿੰਗ ਵਿੱਚ ਕਿਸਾਨ ਆਗੂ ਹੀ ਸ਼ਾਮਿਲ ਨਹੀਂ ਹੋਣਗੇ ਤਾਂ ਫਿਰ ਇਸ ਬੈਠਕ ਦਾ ਕੋਈ ਭਾਅ ਨਹੀਂ ਰਹਿ ਜਾਂਦਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਟਿੰਗ ਤੋਂ ਪਹਿਲਾਂ ਹੀ ਵੀਡੀਓ ਜਾਰੀਿ ਕਰ ਕੇ ਕਿਹਾ ਸੀ ਕਿ ਇਹ ਕਿਸਾਨਾਂ ਦੇ ਅੰਦੋਲਨ ਨੂੰ ਢਾਅ ਲਾਉਣ ਲਈ ਬੈਠਕ ਬੁਲਾਈ ਗਈ ਹੈ। ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਬਲਕਿ ਰਾਹ ਖੋਲ੍ਹਣ ਸਬੰਧੀ ਗਲਾਂ ਹੀ ਕਰਨੀਆਂ ਸਨ ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੀ ਕਮੇਟੀ ਨਾਲ ਗੱਲ ਕਰਨ ਤੋਂ ਟਾਲਾ ਵੱਟ ਰਿਹਾ ਸੀ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਵੀਡੀਓ ਜਾਰੀ ਕਰਕੇ ਆਪਣੀ ਪ੍ਰਤੀਕ੍ਰਿਆ ਸਾਂਝੀ ਕੀਤੀ ਹੈ।
ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਸ ਦੀ ਇਨਸਾਫ਼ ਦੀ ਆਖਰੀ ਉਮੀਦ ਸੁਪਰੀਮ ਕੋਰਟ ਤੋਂ ਹੀ ਹੁੰਦੀ ਹੈ ਪਰ ਇਸ ਵਾਰ ਉਹਨਾਂ ਨੂੰ ਇਹ ਉਮੀਦ ਵੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਖੇਤੀ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਅਤੇ ਸੁਪਰੀਮ ਕੋਰਟ ਕਮੇਟੀ ਦੀ ਅੰਤ੍ਰਿਮ ਰਿਪੋਰਟ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਅਜਿਹੀਆਂ ਮੀਟਿੰਗਾਂ ਕਰਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
'ਸਾਡੀ ਲੜਾਈ ਕੇਂਦਰ ਨਾਲ'
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਅਸੀਂ ਪੰਚਕੁਲਾ 'ਚ ਹੋਣ ਵਾਲੀ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਨਾਲ ਗੱਲ ਕਰਨ ਨਹੀਂ ਜਾਵਾਂਗੇ ਕਿਉਂਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਇਹ ਮਾਮਲਾ ਅਦਾਲਤਾਂ ਦਾ ਨਹੀਂ ਹੈ, ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਕੇਂਦਰ ਸਰਕਾਰ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਅੱਜ ਦੀ ਮੀਟਿੰਗ ਕਿਸਾਨ ਅੰਦੋਲਨ ਵਿੱਚ ਫੁੱਟ ਪੈਦਾ ਕਰਨ ਲਈ ਬੁਲਾਈ ਗਈ ਹੈ, ਜਦੋਂ ਕਿ ਇਸ ਕਮੇਟੀ ਦੀਆਂ ਸ਼ਰਤਾਂ ਕਾਰਨ ਅਸੀਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ।
ਮੁੱਖ ਮੰਤਰੀ ਮਾਨ ਨਾਲ ਸਹਿਮਤ ਨਹੀਂ ਕਿਸਾਨ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਨੀਮ ਫੌਜੀ ਬਲ ਅਤੇ ਏਅਰ ਐਂਬੂਲੈਂਸ ਦੇਣ ਦੀ ਪੇਸ਼ਕਸ਼ ਕੀਤੀ ਸੀ, ਕੇਂਦਰ ਸਰਕਾਰ ਗੋਲੀਆਂ ਚਲਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਉਣਾ ਚਾਹੁੰਦੀ ਹੈ। ਅਸੀਂ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ। ਸਾਥੀਆਂ ਨੇ ਫੈਸਲਾ ਕੀਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਲੈਣਗੇ।
ਉਹਨਾਂ ਕਿਹਾ ਕਿ ਜਦੋ ਤਿੰਨ ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਦਿਖਾ ਦਿੱਤਾ ਹੈ, ਤਾਂ ਫਿਰ ਸਾਰੀਆਂ ਸਰਕਾਰਾਂ ਪਿੱਛੇ ਹੱਟ ਗਈਆਂ ਹਨ ਕਿ ਪੂਰਾ ਪੰਜਾਬ ਕੇਂਦਰ ਦੇ ਵਿਰੁੱਧ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਲੜਾਈ ਨਾ ਹੀ ਹਰਿਆਣਾ ਸਰਕਾਰ ਨਾਲ ਹੈ ਨਾ ਹੀ ਪੰਜਾਬ ਸਰਕਾਰ ਨਾਲ ਹੈ। ਸਾਡੀ ਲੜਾਈ ਸਿਰਫ ਤੇ ਸਿਰਫ ਕੇਂਦਰ ਸਰਕਾਰ ਨਾਲ ਹੈ ਉਹ ਵੀ ਹੱਕੀ ਮੰਗਾਂ ਲਈ ਹੈ। ਉਹਨਾਂ ਕਿਹਾ ਕਿ ਸਾਰੇ ਹੀ ਪੰਜਾਬੀ 4 ਤਰੀਕ ਨੂੰ ਮਹਾਂ ਪੰਚਾਇਤ ਵਿੱਚ ਪਹੁੰਚ ਕੇ ਆਪਣਾ ਸਮਰਥ ਕਿਸਾਨੀ ਅੰਦੋਲਨ ਨੂੰ ਦੇਣ।
39 ਵੇਂ ਦਿਨ ਜਗਜੀਤ ਸਿੰਘ ਡਲੇਵਾਲ ਦੀ ਹਾਲਤ
ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 39ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਬਾਵਜੁਦ ਇਸ ਦੇ ਉਹਨਾਂ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ 4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਸੱਦੀ ਗਈ ਕਿਸਾਨ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਪਹੁੰਚਣ। ਕਿਸਾਨ ਆਗੂ ਡੱਲੇਵਾਲ ਦੀ ਤਰਫੋਂ ਇਸ ਮਹਾਂ ਪੰਚਾਇਤ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤਾ ਜਾਵੇਗਾ।
ਸਰੀਰ ਨੂੰ ਹੋ ਰਿਹਾ ਨੁਕਸਾਨ
ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਨੂੰ ਅੰਦਰੋਂ ਨੁਕਸਾਨ ਹੋ ਰਿਹਾ ਹੈ ਅਤੇ ਸਿਰਫ਼ ਹੱਡੀਆਂ ਹੀ ਬਚੀਆਂ ਹਨ। ਉਹ ਸਰੀਰਕ ਤੌਰ ‘ਤੇ ਬਹੁਤ ਕਮਜ਼ੋਰ ਹੋ ਗਏ ਹਨ ਅਤੇ ਉਹਨਾਂ ਦਾ ਬੀਪੀ ਲਗਾਤਾਰ ਡਿੱਗ ਰਿਹਾ ਹੈ। ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੰਦੋਲਨ ਸਬੰਧੀ ਸਾਰੇ ਬਿਆਨ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਤੇ ਬੋਲੀ ਦੀ ਮਰਿਆਦਾ ਅਨੁਸਾਰ ਦਿੱਤੇ ਜਾ ਰਹੇ ਹਨ। ਜਗਜੀਤ ਸਿੰਘ ਵੱਲੋਂ ਇਹ ਸਾਰੇ ਬਿਆਨ ਡੱਲੇਵਾਲ ਜੀ ਦੀਆਂ ਭਾਵਨਾਵਾਂ ਅਨੁਸਾਰ ਦਿੱਤੇ ਜਾ ਰਹੇ ਹਨ।