ਬਠਿੰਡਾ: ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਵਲੋਂ ਦਿੱਤੇ ਅਸਤੀਫੇ ਤੋਂ ਬਾਅਦ ਪੰਥਕ ਹੰਗਾਮਾ ਤੇਜ਼ ਹੋ ਗਿਆ ਹੈ। ਜਿੱਥੇ ਅੱਜ ਸਵੇਰੇ ਤੋਂ ਹੀ ਅਕਾਲੀ ਦਲ ਸੁਧਾਰ ਲਹਿਰ (ਅਕਾਲੀ ਦਲ ਦੇ ਬਾਗੀ ਧੜੇ) ਦੇ ਆਗੂਆਂ ਵਲੋਂ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ। ਉੱਥੇ ਹੀ, ਦੁਪਹਿਰ ਤੱਕ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਵੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਦਮਦਮਾ ਸਾਹਿਬ ਪਹੁੰਚੇ ਹਨ।
"ਜੋ ਵਿਰਸਾ ਸਿੰਘ ਵਲਟੋਹਾ ਬੋਲਿਆ, ਉਸ ਦੀ ਨਿਖੇਧੀ ਕਰਦਾ"
ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਵਿੰਦਰ ਭੂੰਦੜ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਜਾਈਏ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਇੱਥੇ ਮੱਥਾ ਟੇਕਣ ਆਉਂਦਾ ਹਾਂ, ਮੈਂ ਹਰ ਵਾਰ ਉਨ੍ਹਾਂ ਨੂੰ ਮਿਲ ਕੇ ਜਾਂਦਾ ਹਾਂ। ਅੱਜ ਵੀ ਤਖ਼ਤ ਸਾਹਿਬ ਉੱਤੇ ਮੱਥਾ ਟੇਕਣ ਆਇਆ ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਰਸਾ ਵਲਟੋਹਾ ਵਲੋਂ ਜੋ ਵੀ ਬਿਆਨਬਾਜੀ ਕੀਤੀ ਉਹ ਬਹੁਤ ਮਾੜੀ ਗੱਲ ਹੈ, ਜੋ ਵੀ ਉਨ੍ਹਾਂ ਨੇ ਕਿਹਾ ਇਸ ਤੋਂ ਮਾੜੀ ਭਾਸ਼ਾ ਕੋਈ ਨਹੀਂ ਹੋ ਸਕਦੀ।
ਭੂੰਦੜ ਨੇ ਕਿਹਾ ਕਿ ਹੁਣ ਵਿਰਸਾ ਸਿੰਘ ਵਲਟੋਹਾ ਦਾ ਹੁਣ ਪਾਰਟੀ ਨਾਲ ਕੋਈ ਲੈਣ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਜੋ ਵੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਉਸ ਨੂੰ ਲੈ ਕੇ ਪਾਰਟੀ ਵਲੋਂ ਮੈਂ (ਪਾਰਟੀ ਦਾ ਸੇਵਾਦਾਰ) ਵੀ ਖਿਮਾਂ ਜਾਚਕ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਫੋਨ ਆਇਆ ਕਿ ਜਥੇਦਾਰ ਵਲੋਂ ਅਸਤੀਫੇ ਨੂੰ ਲੈ ਕੇ ਮੀਟਿੰਗ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਤਾਂ ਮੈਂ ਕਿਹਾ ਕਿ ਜੋ ਵੀ ਉਨ੍ਹਾਂ ਨੇ ਕੀਤਾ ਉਹ ਉਦੇਸ਼ ਸਿਰ ਮੱਥੇ ਹਨ।
ਅਕਾਲੀ ਦਲ ਦੇ ਆਈਟੀ ਵਿੰਗ ਉੱਤੇ ਜੇਕਰ ਕੋਈ ਸਵਾਲ ਖੜ੍ਹੇ ਹੋਏ ਹਨ, ਤਾਂ ਮੈਂ ਇਸ ਬਾਰੇ ਪੂਰੀ ਜਾਂਚ ਪੜਤਾਲ ਕਰਵਾ ਦਿਆਂਗੇ। ਜੋ ਵੀ ਸਾਹਮਣੇ ਆਵੇਗਾ, ਇਸ ਬਾਰੇ ਕਾਰਵਾਈ ਕੀਤੀ ਜਾਵੇਗੀ।
ਮੀਡੀਆ ਨੂੰ ਹੱਥ ਜੋੜ ਕੇ ਕੀਤੀ ਅਪੀਲ ਕੀਤੀ ਕਿ ਇਸ ਧਾਰਮਿਕ ਮੁੱਦੇ ਬਹੁਤਾ ਨਾ ਉਭਾਰਨ। ਸਮੁੱਚੀ ਪਾਰਟੀ ਵੱਲੋਂ ਹੱਥ ਜੋੜ ਕੇ ਖਿਮਾ ਜਾਚਨਾ ਕੀਤੀ ਗਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਜੇਕਰ ਹੁਣ ਪਾਰਟੀ ਵਿੱਚੋਂ ਕੋਈ ਵਿਅਕਤੀ ਅਜਿਹੀ ਹਰਕਤ ਕਰੇਗਾ ਜਾਂ ਤਾਂ ਉਹ ਪਾਰਟੀ ਵਿੱਚ ਰਹੇਗਾ ਜਾਂ ਮੈਂ।
SGPC ਨੇ ਨਾ ਮਨਜ਼ੂਰ ਕੀਤਾ ਅਸਤੀਫਾ
ਇਸ ਤੋਂ ਪਹਿਲਾਂ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕੀਤਾ ਹੈ। ਇਸ ਮੌਕੇ ਪ੍ਰਧਾਨ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀਆਂ ਤਖ਼ਤ ਸਾਹਿਬਾਨ ਦੀਆਂ ਸੇਵਾਵਾਂ ਬੇਮਿਸਾਲ ਰਹੀਆਂ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ। ਤਖਤ ਸਾਹਿਬਾਨ ਦੀਆਂ ਸੇਵਾਵਾਂ ਲਗਾਤਾਰ ਉਹ ਜਾਰੀ ਰੱਖਣਗੇ। 'ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰਦਾ ਹਾਂ'। ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਡੀ ਅਗਵਾਈ ਕਰਦੇ ਰਹੋ।
ਅਕਾਲੀ ਦਲ ਦੇ ਬਾਗੀ ਧੜਿਆਂ ਵਲੋਂ ਭੂੰਦੜ 'ਤੇ ਨਿਸ਼ਾਨਾ
ਸਵੇਰੇ ਜਥੇਦਾਰ ਨਾਲ ਮੁਲਾਕਾਤ ਕਰਨ ਪਹੁੰਚੇ ਪਰਮਜੀਤ ਕੌਰ ਲਾਂਡਰਾਂ ਨੇ ਅਕਾਲੀ ਦਲ ਦਾ ਆਈਟੀ ਵਿੰਗ ਭੰਗ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਮਹਿਜ ਅਕਾਲੀ ਦਲ ਬਾਦਲ ਦੇ ਡਮੀ ਪ੍ਰਧਾਨ ਹਨ। ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਪਹਿਲਾਂ 10 ਸਾਲ ਲਈ ਜਥੇਦਾਰ ਦੇ ਹੁਕਮਾਂ ਉੱਤੇ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਇਸ ਕਾਰਗੁਜ਼ਾਰੀ ਨੂੰ ਲੈ ਕੇ ਬਲਵਿੰਦਰ ਭੂੰਦੜ ਉੱਤੇ ਸਵਾਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਲਗਾਤਾਰ ਐੱਸਜੀਪੀਸੀ ਨਾਲ ਵਿਵਾਦ ਭੱਖਦਾ ਰਿਹਾ ਹੈ। ਇੱਕ ਨਵਾਂ ਮੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਇੱਕ ਵੀਡੀਓ ਜਾਰੀ ਕਰ ਵਿਰਸਾ ਸਿੰਘ ਵਲਟੋਹਾ ਉੱਤੇ ਗੰਭੀਰ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਵੱਲੋਂ ਅਤੇ ਅਕਾਲੀ ਦਲ ਦੀ ਆਈਟੀ ਵਿੰਗ ਵੱਲੋਂ ਪਰਿਵਾਰਿਕ ਮੈਂਬਰਾਂ ਉੱਤੇ ਗ਼ਲਤ ਟਿੱਪਣੀ ਕੀਤੀ ਜਾ ਰਹੀਆਂ ਹਨ। ਇਸ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਹੈ।