ਲੁਧਿਆਣਾ: ਉੱਤਰ ਭਾਰਤ ਦੇ ਵਿੱਚ ਸਰਦੀ ਦਾ ਕਹਿਰ ਜਾਰੀ ਹੈ ਅਤੇ ਲਗਾਤਾਰ ਠੰਡ ਪੈ ਰਹੀ ਹੈ। ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ ਜਿਸ ਕਰਕੇ ਜਿੱਥੇ ਆਮ ਇਨਸਾਨਾਂ 'ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਬਜ਼ੀਆਂ 'ਤੇ ਵੀ ਠੰਡ ਦਾ ਕਹਿਰ ਪੈ ਰਿਹਾ ਹੈ। ਖਾਸ ਕਰਕੇ ਸੀਜਨਲ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤੇ ਨਾਲ ਹੀ ਆਲੂ ਮਟਰ ਅਤੇ ਟਮਾਟਰ ਦੇ ਨਾਲ-ਨਾਲ ਲੱਸਣ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤਾਂ ਉੱਥੇ ਹੀ ਮਾਰਕੀਟ ਦੇ ਵਿੱਚ ਸਬਜ਼ੀਆਂ ਦੀ ਕੀਮਤਾਂ ਦੇ ਵਿੱਚ ਵੀ ਲਗਾਤਾਰ ਇਜਾਫ਼ਾ ਹੋ ਰਿਹਾ ਹੈ। ਲੱਸਣ 350 ਰੁਪਏ ਤੋਂ ਲੈਕੇ 400 ਰੁਪਏ ਕਿਲੋ ਤੱਕ ਮਿਲ ਰਿਹਾ ਹੈ ਕਿਉਂਕਿ ਲੱਸਣ ਦੀਆਂ ਪੋਥੀਆਂ ਖਰਾਬ ਹੋ ਰਹੀਆਂ ਹਨ ਤੇ ਲੱਸਣ ਪੀਲਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜੋ ਨਵੇਂ ਬੂਟੇ ਹਨ ਉਹਨਾਂ ਦੀ ਵੀ ਗਰੋਥ ਰੁਕ ਗਈ ਹੈ। ਨਵੇਂ ਬੂਟੇ ਅੱਗੇ ਨਹੀਂ ਵਧ ਰਹੇ ਅਤੇ ਜੋ ਨਵੇਂ ਫਲ ਆ ਰਹੇ ਨੇ ਉਹ ਵੀ ਚੰਗੀ ਤਰ੍ਹਾਂ ਤਿਆਰ ਨਹੀਂ ਆ ਰਹੇ। ਇਸ ਦਾ ਕਾਫੀ ਖਾਮਿਆਜਾ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਹਾਲਾਂਕਿ ਕਣਕ ਲਈ ਇਹ ਮੌਸਮ ਲਾਹੇਵੰਦ ਹੈ ਪਰ ਸਬਜ਼ੀਆਂ ਲਈ ਇਹ ਮੌਸਮ ਲੰਬਾ ਸਮਾਂ ਚੱਲਣ ਨਾਲ ਉਹਨਾਂ ਦਾ ਹੁਣ ਨੁਕਸਾਨ ਹੋਣਾ ਸ਼ੁਰੂ ਹੋ ਚੁੱਕਾ ਹੈ।
ਕਿਉਂ ਹੋਈਆਂ ਸਬਜ਼ੀਆਂ ਖਰਾਬ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਦੇ ਮਾਹਿਰ ਡਾਕਟਰ ਕੁਲਬੀਰ ਸਿੰਘ ਨੇ ਦੱਸਿਆ ਹੈ ਕਿ ਸਰਦੀਆਂ ਦੇ ਵਿੱਚ ਧੁੱਪ ਨਾ ਨਿਕਲਣ ਕਰਕੇ ਸਬਜ਼ੀਆਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਹਾਲੇ ਜਿਆਦਾ ਅਸਰ ਨਹੀਂ ਹੋ ਰਿਹਾ ਹੈ ਪਰ ਆਉਂਦੇ ਦਿਨਾਂ 'ਚ ਜੇਕਰ ਸੂਰਜ ਨਾ ਨਿਕਲਿਆ ਤਾਂ ਨੁਕਸਾਨ ਵੱਧ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਬੂਟੇ ਨੂੰ ਗਰੋਥ ਲਈ ਅਤੇ ਸਬਜ਼ੀਆਂ ਨੂੰ ਸੂਰਜ ਦੀ ਤਪਿਸ਼ ਮਿਲਣੀ ਬੇਹਦ ਜਰੂਰੀ ਹੁੰਦੀ ਹੈ ਪਰ ਜਦੋਂ ਇਹਨਾਂ ਦਿਨਾਂ ਦੇ ਵਿੱਚ ਕਈ-ਕਈ ਦਿਨ ਤੱਕ ਸੂਰਜ ਨਹੀਂ ਨਿਕਲਦਾ ਤੇ ਧੁੱਪ ਨਹੀਂ ਆਉਂਦੀ ਅਤੇ ਬੂਟਿਆਂ ਨੂੰ ਲੁੜਦੀ ਤਪਿਸ਼ ਨਹੀਂ ਮਿਲਦੀ ਤਾਂ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਡਾਕਟਰ ਕੁਲਬੀਰ ਸਿੰਘ ਨੇ ਕਿਹਾ ਕਿ ਸਬਜ਼ੀਆਂ ਦੇ ਪੌਦੇ ਜਿਆਦਾ ਖ਼ਰਾਬ ਹੋਣ ਦਾ ਕਾਰਨ ਦਿਨ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਬੇਹਦ ਗਿਰਾਵਟ ਹੋਣਾ ਹੈ। ਉਹਨਾਂ ਕਿਹਾ ਕਿ ਜਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਰਾਤ ਦਾ ਤਾਪਮਾਨ ਘੱਟ ਅਤੇ ਦਿਨ ਦੇ ਵਿੱਚ ਧੁੱਪ ਨਿਕਲਦੀ ਹੁੰਦੀ ਹੈ ਪਰ ਪਿਛਲੇ ਕੁਝ ਸਮਿਆਂ ਤੋਂ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਦਿਨ ਦੇ ਵਿੱਚ ਵੀ ਕੜਾਕੇ ਦੀ ਠੰਡ ਹੁੰਦੀ ਹੈ ਅਤੇ ਧੁੰਦ ਕਰਕੇ ਸੂਰਜ ਨਹੀਂ ਨਿਕਲਦਾ ਜਿਸ ਕਰਕੇ ਸਬਜ਼ੀਆਂ ਨੂੰ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਵਾਰ ਪਿਛਲੇ ਸਾਲਾਂ ਨਾਲੋਂ ਮੌਸਮ 'ਚ ਫਰਕ ਹੈ ਤੇ ਕਈ ਦਿਨਾਂ ਤੋਂ ਸੂਰਜ ਦੀ ਰੌਸ਼ਨੀ ਸਬਜ਼ੀਆਂ ਨੂੰ ਨਹੀਂ ਮਿਲੀ। ਇਸ ਦੇ ਚੱਲਦਿਆਂ ਸਬਜ਼ੀਆਂ ਦਾ ਵਾਧਾ ਅਕਿਆ ਹੋਇਆ ਤੇ ਨਾਲ ਹੀ ਨਮੀ ਵੱਧਣ ਕਾਰਨ ਬਿਮਾਰੀਆਂ ਦਾ ਖਤਰਾ ਵੀ ਬਣਿਆ ਹੋਇਆ ਹੈ। ਜਿਸ ਲਈ ਕਿਸਾਨ ਸਬਜ਼ੀਆਂ ਨੂੰ ਕੀਟਨਾਸ਼ਕ ਸਪਰੇਅ ਕਰ ਸਕਦੇ ਹਨ। ਇਸ ਦੇ ਨਾਲ ਹੀ ਜਦੋਂ ਮੌਸਮ ਸਹੀ ਹੋ ਜਾਵੇਗਾ ਤਾਂ ਇਹ ਮੁਸ਼ਕਿਲ ਵੀ ਦੂਰ ਹੋ ਜਾਵੇਗੀ।-ਡਾਕਟਰ ਕੁਲਬੀਰ ਸਿੰਘ, ਮਾਹਿਰ ਸਬਜੀ ਵਿਗਿਆਨ, ਪੀਏਯੂ ਲੁਧਿਆਣਾ
ਕਿਸਾਨਾਂ ਨੂੰ ਸਲਾਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਬਜੀ ਵਿਭਾਗ ਦੇ ਮਾਹਿਰ ਡਾਕਟਰ ਕੁਲਬੀਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਫ਼ਫੁੰਦੀ ਨਾਸ਼ਕ ਦਾ ਛਿੜਕਾ ਕਰ ਸਕਦੇ ਹਨ। ਜਿਸ ਨਾਲ ਸਬਜ਼ੀਆਂ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਇਸ ਤੋਂ ਇਲਾਵਾ ਕਿਸਾਨ ਧੁੱਪ ਨਿਕਲਣ ਦਾ ਵੀ ਇੰਤਜ਼ਾਰ ਕਰ ਸਕਦੇ ਹਨ। ਜਦੋਂ ਧੁੱਪ ਨਿਕਲ ਆਵੇਗੀ ਤਾਂ ਆਪਣੇ ਆਪ ਹੀ ਸਬਜ਼ੀਆਂ ਠੀਕ ਹੋ ਜਾਣਗੀਆਂ ਅਤੇ ਜੋ ਨਵੇਂ ਬੂਟੇ ਹਨ, ਉਹਨਾਂ ਦੀ ਵੀ ਗਰੋਥ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਫਿਲਹਾਲ ਪੰਜਾਬ ਦੇ ਵਿੱਚ ਤਰੇਲ ਨਹੀਂ ਪੈ ਰਹੀ ਹੈ, ਇਸ ਕਰਕੇ ਕਿਸਾਨ ਸਬਜ਼ੀਆਂ ਨੂੰ ਹਲਕਾ ਪਾਣੀ ਵੀ ਜ਼ਰੂਰ ਲਗਾ ਸਕਦੇ ਹਨ।
ਕਿਹੜੀਆਂ ਸਬਜ਼ੀਆਂ 'ਤੇ ਅਸਰ: ਡਾਕਟਰ ਕੁਲਬੀਰ ਸਿੰਘ ਦੱਸਿਆ ਕਿ ਲੱਸਣ ਦੀ ਫ਼ਸਲ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਉਨ੍ਹਾ ਦੱਸਿਆ ਕਿ ਜਿਨ੍ਹਾ ਵੱਲੋਂ ਅਗੇਤੇ ਆਲੂ ਲਏ ਸਨ ਉਨ੍ਹਾਂ ਵਲੋਂ ਤਾਂ ਖੇਤ ਵਿਹਲੇ ਕਰ ਲਏ ਗਏ ਨੇ ਪਰ ਜਿਨ੍ਹਾ ਨੇ ਪਿੱਛੇਤੇ ਆਲੂ ਲਾਏ ਸਨ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਹੜੀਆਂ ਸਬਜ਼ੀਆਂ ਪੋਲੀ ਹਾਊਸ ਦੇ ਵਿੱਚ ਲਗਾਈਆਂ ਗਈਆਂ ਹਨ, ਉਹਨਾਂ 'ਤੇ ਵੀ ਇਸ ਦਾ ਕੋਈ ਬਹੁਤਾ ਅਸਰ ਨਹੀਂ ਪਿਆ ਹੈ। ਖਾਸ ਕਰਕੇ ਉਹਨਾਂ ਸਬਜ਼ੀਆਂ 'ਤੇ ਠੰਡ ਦਾ ਜਿਆਦਾ ਅਸਰ ਵੇਖਣ ਨੂੰ ਮਿਲਿਆ ਹੈ ਜੋ ਕਿ ਸੀਜਨ ਦੇ ਮੁਤਾਬਿਕ ਨਹੀਂ ਲਈਆਂ ਗਈਆਂ ਸਨ। ਜਿਹੜੀਆਂ ਇਸ ਸੀਜ਼ਨ ਦੇ ਵਿੱਚ ਸਬਜੀਆਂ ਨਹੀਂ ਹੁੰਦੀਆਂ, ਉਹਨਾਂ 'ਤੇ ਇਸਦਾ ਜਿਆਦਾ ਅਸਰ ਪਿਆ ਹੈ ਪਰ ਉਹਨਾਂ ਕਿਹਾ ਕਿ ਧੁੱਪ ਨਿਕਲਣ ਦੇ ਨਾਲ ਹਾਲਾਤ ਵੀ ਠੀਕ ਹੋ ਜਾਣਗੇ।