ਲੁਧਿਆਣਾ: ਕਿਲਾ ਰਾਏਪੁਰ ਦੇ ਵਿੱਚ ਰੂਰਲ ਓਲੰਪਿਕ ਦੀਆਂ ਖੇਡਾਂ ਚੱਲ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਇਹਨਾਂ ਖੇਡਾਂ ਦੇ ਵਿੱਚ ਬਾਜ਼ੀਗਰਾਂ ਦੀ ਬਾਜ਼ੀ ਖਿੱਚ ਦਾ ਕੇਂਦਰ ਬਣੀ ਰਹੀ ਹੈ। ਇਸ ਦੌਰਾਨ ਬਾਜੀਗਰਾਂ ਵੱਲੋਂ ਬਾਜ਼ੀਆਂ ਪਾਈਆਂ ਗਈਆਂ, ਲੰਬੀ ਛਾਲ ਲਗਾਈ ਗਈ, ਛੋਟੇ ਜਿਹੇ ਰਿੰਗ ਵਿੱਚੋਂ ਤਿੰਨ ਬਾਜ਼ੀਗਰ ਨਿਕਲਦੇ ਵਿਖਾਈ ਦਿੱਤੇ। ਇੰਨਾ ਹੀ ਨਹੀਂ ਆਪਣੀ ਧੌਣ ਦੇ ਨਾਲ ਬਾਜ਼ੀਗਰਾਂ ਨੇ ਮੋਟਾ ਸਰੀਆ ਮੋੜ ਦਿੱਤਾ। ਬਾਜੀ ਪਾਉਂਦੇ ਬਾਜੀਗਰ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਦਾ ਹਿੱਸਾ ਰਹੇ ਹਨ ਪਰ ਹੁਣ ਇਹ ਕਲਾ ਅਤੇ ਬਿਰਾਦਰੀ ਲਗਾਤਾਰ ਲੁਪਤ ਹੋਣ ਦੀ ਕਗਾਰ ਉੱਤੇ ਪਹੁੰਚ ਚੁੱਕੀ ਹੈ। ਅਜੋਕੀ ਪੀੜੀ ਹੁਣ ਇਸ ਕੰਮ ਨੂੰ ਛੋਟਾ ਸਮਝਦੀ ਹੈ ਅਤੇ ਬਾਜੀਆਂ ਪਾਉਣ ਤੋਂ ਗੁਰੇਜ ਕਰਦੀ ਹੈ, ਇੰਨਾ ਹੀ ਨਹੀਂ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਇਹਨਾਂ ਦੀ ਕਲਾ ਹੁਣ ਖਤਮ ਹੋਣ ਕੰਢੇ ਹੈ।
ਨਵੀਂ ਪੀੜ੍ਹੀ ਨੇ ਛੱਡਿਆ ਕੰਮ: ਬਾਜ਼ੀਗਰਾਂ ਨੇ ਕਿਹਾ ਕਿ ਸਾਡੀ ਪੀੜੀ ਦਾ ਇਹ ਆਖਰੀ ਗਰੁੱਪ ਹੈ ਜੋ ਕਿ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਉੱਤੇ ਬਾਜ਼ੀ ਪਾਉਣ ਲਈ ਆਇਆ ਹੈ। ਉਹਨਾਂ ਕਿਹਾ ਕਿ ਹਾਲਾਂਕਿ ਸਾਨੂੰ ਇੱਥੇ ਆਉਣ ਦਾ ਸੱਦਾ ਨਹੀਂ ਦਿੱਤਾ ਗਿਆ, ਉਹ ਖੁਦ ਹੀ ਇੱਥੇ ਪਹੁੰਚੇ ਹਨ ਪਰ ਲੋਕ ਕਾਫੀ ਪਸੰਦ ਤਾਂ ਕਰ ਰਹੇ ਨੇ। ਬਾਜ਼ੀਗਰਾਂ ਮੁਤਾਬਿਕ ਉਹਨਾਂ ਦੇ ਖਰਚੇ ਹੁਣ ਨਹੀਂ ਨਿਕਲ ਰਹੇ, ਕਦੇ ਕੋਈ ਸਮਾਂ ਹੁੰਦਾ ਸੀ ਕਿ ਮੁੰਡੇ ਦੇ ਵਿਆਹ ਕਰਨ ਤੋਂ ਪਹਿਲਾਂ ਕੁੜੀ ਵਾਲੇ ਪੁੱਛਦੇ ਹੁੰਦੇ ਸੀ ਕਿ ਉਹ ਕਿੱਡੀ ਉੱਚੀ ਛਾਲ ਮਾਰਦਾ ਹੈ ਪਰ ਹੁਣ ਉਹ ਸਮਾਂ ਚਲਾ ਗਿਆ ਹੈ। ਹੁਣ ਪੜ੍ਹਾਈ ਅਤੇ ਪੈਸੇ ਨੂੰ ਵੇਖਿਆ ਜਾਂਦਾ ਹੈ, ਉਹਨਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜੀ ਦੇ ਰਿਸ਼ਤੇ ਨਹੀਂ ਹੁੰਦੇ, ਇਸ ਕਰਕੇ ਨਵੀਂ ਪੀੜੀ ਪੜ੍ਹਾਈ ਲਿਖਾਈ ਕਰ ਰਹੀ ਹੈ ਅਤੇ ਇਸ ਕੰਮ ਨੂੰ ਛੱਡ ਰਹੀ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਨਾ ਹੀ ਸਾਨੂੰ ਕੋਈ ਆਰਥਿਕ ਮਦਦ ਦਿੱਤੀ ਅਤੇ ਨਾ ਹੀ ਸਮਾਜਿਕ ਤੌਰ ਉੱਤੇ ਸਾਨੂੰ ਮਜਬੂਤ ਬਣਾਉਣ ਵਿੱਚ ਕੋਈ ਯੋਗਦਾਨ ਪਾਇਆ।
ਗੁਰੂ ਸਾਹਿਬ ਨਾਲ ਜੁੜਿਆ ਹੈ ਇਤਿਹਾਸ: ਬਾਜੀਗਰਾਂ ਨੇ ਦੱਸਿਆ ਕਿ ਪਹਿਲੇ ਸਮਿਆਂ ਵਿੱਚ ਲੋਕ ਸਾਡੀ ਮਦਦ ਕਰਦੇ ਹੁੰਦੇ ਸਨ, ਸਾਡੀਆਂ ਬਾਜ਼ੀਆਂ ਵੇਖਣ ਲਈ ਭੀੜ ਲੱਗ ਜਾਂਦੀ ਸੀ ਅਤੇ ਉਨ੍ਹਾਂ ਨੂੰ ਚੰਗੇ ਪੈਸੇ ਲੋਕ ਦਿੰਦੇ ਸਨ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਪੁਰਾਣਾ ਹੈ, ਸਿੱਖ ਕੌਂਮ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਅਸੀਂ ਬਾਜ਼ੀਆਂ ਪਾਉਂਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਨਾਂ ਧਾਰਮਿਕ ਗ੍ਰੰਥਾਂ ਵਿੱਚ ਵੀ ਲਿਆ ਜਾਂਦਾ ਹੈ ਪਰ ਫਿਰ ਵੀ ਸਾਡੇ ਵਿਕਾਸ ਦੇ ਲਈ ਕਿਸੇ ਵੀ ਸਰਕਾਰ ਵੇਲੇ ਕੋਈ ਚੰਗੀ ਨੀਤੀ ਨਹੀਂ ਬਣਾਈ ਗਈ ਨਾ ਹੀ ਸਾਨੂੰ ਕੋਈ ਨੌਕਰੀਆਂ ਦਿੱਤੀਆਂ ਗਈਆਂ ਨੇ।
- ਅਕਾਲੀ ਦਲ-ਭਾਜਪਾ ਦੇ ਵੱਖਰੇ ਚੋਣ ਲੜਨ ਅਤੇ ਆਪ ਤੇ ਕਾਂਗਰਸ ਦਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ? ਵੇਖੋ ਇਹ ਰਿਪੋਰਟ
- ਕਿਸਾਨਾਂ ਨੇ ਪ੍ਰਦਸ਼ਨ ਰੋਕਿਆ, ਕੱਲ੍ਹ ਫਿਰ ਜਾਣਗੇ ਦਿੱਲੀ: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਝੜਪ: ਹਰਿਆਣਾ ਦੇ 7 ਜ਼ਿਲ੍ਹਿਆਂ 'ਚ 15 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ
- ਬਸੰਤ ਪੰਚਮੀ ਸਪੈਸ਼ਲ: ਬਜ਼ਾਰਾਂ ਵਿੱਚ ਰੌਣਕ, ਖੂਬ ਵਿਕ ਰਹੇ ਪਤੰਗ ਤੇ ਚਾਈਨਾ ਡੋਰ ਨੂੰ ਲੈਕੇ ਵੀ ਸਖ਼ਤੀ
ਸਰਕਾਰਾਂ ਦੀ ਬੇਰੁੱਖੀ: ਦਰਅਸਲ ਬਾਜ਼ੀਗਰ ਭਾਈਚਾਰਾ ਜ਼ਿਆਦਤਰ ਉੱਤਰ ਭਾਰਤ ਵਿੱਚ ਹੀ ਵੇਖਣ ਨੂੰ ਮਿਲਦਾ ਹੈ। ਇਹ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਜਿਆਦਾ ਵੇਖਣ ਨੂੰ ਮਿਲਦੇ ਨੇ। ਬਾਜੀਗਰਾਂ ਦਾ ਨਾਂਅ ਵੀ ਬਾਜੀ ਤੋਂ ਹੀ ਪਿਆ ਹੈ ਕਿਉਂਕਿ ਉਨ੍ਹਾਂ ਦੀ ਕਲਾ ਵਿੱਚ ਬਾਜ਼ੀ ਪਾਈ ਜਾਂਦੀ ਹੈ ਜੋ ਕਿ ਅੱਜ ਵੀ ਪਾਉਂਦੇ ਹਨ। ਜਿਸ ਲਈ ਸਖ਼ਤ ਅਭਿਆਸ ਅਤੇ ਸਰੀਰ ਨੂੰ ਤਿਆਰ ਕਰਨਾ ਪੈਂਦਾ ਹੈ ਪਰ ਅਜੋਕੇ ਸਮੇਂ ਵਿੱਚ ਬਾਜ਼ੀਗਰ ਇਹ ਕੰਮ ਛੱਡ ਰਹੇ ਹਨ।