ਬਰਨਾਲਾ: ਪੰਚਾਇਤੀ ਚੋਣਾਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਦੇ ਬਹੁਤ ਗਿਣਤੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ ਬਾਜ਼ੀ ਮਾਰਨ ਵਿੱਚ ਕਾਮਯਾਬ ਹੋਏ ਹਨ। ਹਲਕਾ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਪਿੰਡ ਪੰਡੋਰੀ ਤੋਂ ਸਰਪੰਚੀ ਉਮੀਦਵਾਰ ਜਤਿੰਦਰਪਾਲ ਸਿੰਘ ਅਤੇ ਪਿੰਡ ਕੁਰੜ ਤੋਂ ਸਲਾਹਕਾਰ ਸੁਖਵਿੰਦਰ ਦਾਸ ਬਾਵਾ ਦੀ ਜਿੱਤ ਨਾਲ ਆਪਣੀ ਚੜ੍ਹਤ ਕਾਇਮ ਰੱਖਣ ਵਿੱਚ ਸਫ਼ਲ ਰਹੇ। ਜਦਕਿ ਵਿਧਾਇਕ ਪੰਡੋਰੀ ਦੇ ਪੀਏ ਦੀ ਮਾਤਾ ਦੀ ਮਾਤਾ ਪਿੰਡ ਮਹਿਲ ਖੁਰਦ ਤੋਂ ਪੰਚੀ ਦੀ ਚੋਣ ਹਾਰ ਗਏ।
ਐੱਮਏ , ਬੀਐੱਡ ਪਾਸ ਨੂੰ ਸਰਪੰਚੀ ਲਈ ਪਿੰਡਾਂ ਵਾਲਿਆਂ ਤੋਂ ਮਾਨਤਾ ਨਾ ਮਿਲੀ
ਦੱਸ ਦੇਈਏ ਕਿ ਸਭ ਤੋਂ ਵੱਧ ਪੜ੍ਹੀਆਂ ਪਿੰਡ ਠੁੱਲ੍ਹੀਵਾਲ ਤੋਂ ਡਾ. ਸੁਖਵਿੰਦਰ ਕੌਰ ਪੀਐੱਚਡੀ ਹੋਲਡਰ ਅਤੇ ਪਿੰਡ ਗੁੰਮਟੀ ਤੋਂ ਪਰਮਜੀਤ ਕੌਰ ਐੱਮਏ , ਬੀਐੱਡ ਪਾਸ ਨੂੰ ਸਰਪੰਚੀ ਲਈ ਪਿੰਡਾਂ ਵਾਲਿਆਂ ਤੋਂ ਮਾਨਤਾ ਨਾ ਮਿਲੀ ਅਤੇ ਉਹ ਵਿਰੋਧੀ ਉਮੀਦਵਾਰਾਂ ਤੋਂ ਹਾਰ ਗਈਆਂ। ਦਿਲਚਸਪ ਮੁਕਾਬਲਿਆਂ ਵਿੱਚ ਮਹਿਲ ਕਲਾਂ ਵਿਖੇ ਹਰਭੁਪਿੰਦਰ ਸਿੰਘ ਲਾਡੀ ਦੀ ਪਤਨੀ ਨਵਜੋਤ ਕੌਰ ਵਿਰੋਧੀ ਉਮੀਦਵਾਰ ਕਿਰਨਾ ਰਾਣੀ ਤੋਂ, ਮਹਿਲ ਖੁਰਦ ਵਿੱਚ ਢੀਂਡਸਾ ਗਰੁੱਪ ਦਾ ਸੀਨੀਅਰ ਆਗੂ ਅਵਜੀਤ ਰੂਬਲ ਗਿੱਲ ਹਰਪਾਲ ਸਿੰਘ ਤੋਂ ਅਤੇ ਮਹਿਲ ਕਲਾਂ ਸੋਢੇ ਵਿਖੇ ਸੁਖਦੇਵ ਕੌਰ ਸਰਬਜੀਤ ਸਿੰਘ ਸ਼ੰਭੂ ਤੋਂ ਸਰਪੰਚੀ ਦੀ ਚੋਣ ਹਾਰ ਗਏ।
ਕਿਰਨਜੀਤ ਸਿੰਘ ਹੈਪੀ ਮੁੜ ਸਰਪੰਚ ਬਣੇ
ਪਿੰਡ ਦੀਵਾਨਾ ਤੋਂ ਰਣਧੀਰ ਸਿੰਘ, ਕਲਾਲਾ ਤੋਂ ਰਣਜੀਤ ਸਿੰਘ ਰਾਣਾ ਅਤੇ ਠੀਕਰੀਵਾਲਾ ਤੋਂ ਕਿਰਨਜੀਤ ਸਿੰਘ ਹੈਪੀ ਮੁੜ ਸਰਪੰਚ ਬਣੇ ਹਨ। ਚੰਨਣਵਾਲ ਵਿੱਚ ਗੁਰਜੰਟ ਸਿੰਘ ਧਾਲੀਵਾਲ ਆਪਣੀ ਪਤਨੀ ਕੁਲਵਿੰਦਰ ਕੌਰ ਅਤੇ ਬੀਹਲਾ ਤੋਂ ਕਿਰਨਜੀਤ ਸਿੰਘ ਮਿੰਟੂ ਪਤਨੀ ਸਰਬਜੀਤ ਕੌਰ ਦੀ ਜਿੱਤ ਆਪਣੇ ਪਰਿਵਾਰ ਵਿੱਚ ਸਰਪੰਚੀ ਰੱਖਣ ਵਿੱਚ ਸਫ਼ਲ ਰਹੇ।
ਕਰਮਗੜ੍ਹ ਵਿਖੇ ਹਮਲੇ ਦਾ ਸ਼ਿਕਾਰ ਹੋਏ ਪੰਚ ਗੁਰਜੰਟ ਸਿੰਘ
ਇਸ ਤੋਂ ਇਲਾਵਾ ਛੀਨੀਵਾਲ ਕਲਾਂ ਵਿਖੇ ਕਾਂਗਰਸੀ ਆਗੂ ਨਿਰਭੈ ਸਿੰਘ ਦੀ ਪਤਨੀ ਸੁਖਦੀਪ ਕੌਰ ਅਤੇ ਧਨੇਰ ਵਿਖੇ ਅਮਨਪ੍ਰੀਤ ਕੌਰ (ਕਾਂਗਰਸ) ਰਾਏਸਰ ਪਟਿਆਲਾ ਤੋਂ ਬਚਿੱਤਰ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਭੱਦਲਵੱਢ ਵਿਖੇ ਬੀਜੇਪੀ ਨਾਲ ਸਬੰਧਤ ਦਰਸ਼ਨ ਸਿੰਘ ਸਰਪੰਚੀ ਦੀ ਚੋਣ ਜਿੱਤੇ। ਕਰਮਗੜ੍ਹ ਵਿਖੇ ਹਮਲੇ ਦਾ ਸ਼ਿਕਾਰ ਹੋਏ ਪੰਚ ਗੁਰਜੰਟ ਸਿੰਘ ਅਤੇ ਉਸਦੀ ਸਰਮੱਥਕ ਸਰਪੰਚ ਹਰਪ੍ਰੀਤ ਕੌਰ ਚੋਣ ਜਿੱਤਣ ਵਿੱਚ ਸਫ਼ਲ ਰਹੇ। ਜਦਕਿ ਨਾਈਵਾਲਾ ਵਿਖੇ ਸੰਗਤਕ ਲਾਇਬ੍ਰੇਰੀ ਸੰਚਾਲਕ ਗੁਰਮੁੱਖ ਸਿੰਘ ਲਾਲੀ ਸਰਪੰਚ ਬਣੇ ਹਨ।