ਲੁਧਿਆਣਾ: ਪ੍ਰਦੂਸ਼ਣ ਕਰਕੇ ਇੱਕ ਪਾਸੇ ਜਿੱਥੇ ਚੌਗਿਰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਮਨੁੱਖੀ ਸਿਹਤ ਉੱਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਦਿਵਾਲੀ ਦੇ ਪਟਾਕਿਆਂ ਅਤੇ ਪਰਾਲੀ ਕਰਕੇ ਵਾਤਾਵਰਣ ਦੇ ਵਿੱਚ ਧੂਆਂ ਜਮ੍ਹਾਂ ਹੋ ਗਿਆ ਹੈ। ਜਿਸ ਕਰਕੇ ਅੱਖਾਂ ਦੇ ਵਿੱਚ ਜਲਣ ਅਤੇ ਪਾਣੀ ਆਣ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਇਹਨਾਂ ਦਿਨਾਂ ਦੇ ਵਿਚਕਾਰ ਅਜਿਹੇ ਮਰੀਜ਼ਾਂ ਦੇ ਵਿੱਚ ਕਾਫੀ ਇਜ਼ਾਫਾ ਵੇਖਣ ਨੂੰ ਮਿਲਦਾ ਹੈ।
ਅੱਖਾਂ ਨੂੰ ਰੱਖੋ ਢੱਕ ਕੇ
ਲੁਧਿਆਣਾ ਦੇ ਅੱਖਾਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਰਮੇਸ਼ ਨੇ ਕਿਹਾ ਕਿ ਇਸ ਨੂੰ ਅਣਗੋਲਿਆਂ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਖਾਸ ਕਰਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਜਰੂਰ ਚਸ਼ਮੇ ਲਗਾ ਕੇ ਰੱਖਣ। ਅਜਿਹੀਆਂ ਐਨਕਾਂ ਵਾਹਨ ਚਲਾਉਂਦੇ ਸਮੇਂ ਲਗਾਓ ਜਿਸ ਨਾਲ ਹਵਾ ਅੰਦਰ ਨਾ ਜਾਵੇ। ਉਹਨਾਂ ਕਿਹਾ ਕਿ ਅੱਖਾਂ ਮਲਣ ਦੇ ਨਾਲ ਵੀ ਇਨਫੈਕਸ਼ਨ ਹੋ ਜਾਂਦੀ ਹੈ।
ਅੱਖਾਂ ਦੇ ਮਰੀਜ਼ ਵਧੇ
ਇਹਨਾਂ ਦਿਨਾਂ ਦੇ ਵਿਚਕਾਰ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਜਾਂਦਾ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਆਪਣੇ ਵਾਤਾਵਰਣ ਨੂੰ ਖਰਾਬ ਨਾ ਕਰਨ। ਉਹਨਾਂ ਕਿਹਾ ਕਿ ਅੱਖਾਂ ਕੁਦਰਤ ਦੀ ਅਨਮੋਲ ਦਾਤ ਹੈ, ਇਸ ਕਰਕੇ ਅਸੀਂ ਇਸ ਦਾ ਵੀ ਧਿਆਨ ਰੱਖੀਏ। ਉਹਨਾਂ ਕਿਹਾ ਕਿ ਅੱਖਾਂ ਦੇ ਵਿੱਚ ਖਾਰਿਸ਼ ਹੋਣਾ, ਅੱਖਾਂ ਵਿੱਚੋਂ ਪਾਣੀ ਆਉਣਾ ਅਤੇ ਅੱਖਾਂ ਦੇ ਵਿੱਚ ਧੁੰਦਲਾਪਨ ਆਉਣਾ ਵਰਗੀਆਂ ਆਮ ਜਿਹੀਆਂ ਦਿੱਕਤਾਂ ਪ੍ਰਦੂਸ਼ਣ ਕਾਰਣ ਸਾਹਮਣੇ ਆ ਰਹੀਆਂ ਹਨ।
ਡਾਕਟਰ ਦੀ ਸਲਾਹ ਲਓ
ਡਾਕਟਰ ਰਮੇਸ਼ ਮੁਤਾਬਿਕ 15 ਤੋਂ 20 ਮਰੀਜ਼ ਰੋਜ਼ਾਨਾ ਉਹਨਾਂ ਕੋਲ ਅਜਿਹੇ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਖਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੇ ਵਿੱਚ ਇਹ ਜ਼ਿਆਦਾ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਲੋੜ ਪੈਣ ਉੱਤੇ ਹੀ ਬਾਹਰ ਨਿਕਲਿਆ ਜਾਵੇ। ਜੇਕਰ ਫਿਰ ਵੀ ਸਮੱਸਿਆ ਜਿਆਦਾ ਵੱਧਦੀ ਹੈ ਤਾਂ ਆਪਣੇ ਨੇੜਲੇ ਡਾਕਟਰ ਦੇ ਨਾਲ ਸੰਪਰਕ ਕੀਤਾ ਜਾਵੇ।