ਪਟਿਆਲਾ: ਕਿਸਾਨਾਂ ਲਈ ਆਪਣੀ ਜਾਨ ਨੂੰ ਦਾਅ 'ਤੇ ਲਗਾਉਣ ਵਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰ ਕੋਈ ਚਿੰਤਤ ਦਿਖਾਈ ਦੇ ਰਿਹਾ ਹੈ। ਅੱਜ ਜਦੋਂ ਡੱਲੇਵਾਲ ਨੇ ਕਿਸਾਨਾਂ ਦੇ ਦਰਸ਼ਨ ਕਰਨ ਦੀ ਇੱਛਾ ਜਤਾਈ ਤਾਂ ਉਨ੍ਹਾਂ ਨੂੰ ਬਾਹਰ ਲੈ ਕੇ ਜਾਇਆ ਗਿਆ ਪਰ ਅਚਾਨਕ ਉਨ੍ਹਾਂ ਦੀ ਸਿਹਤ ਇਸ ਕਦਰ ਖ਼ਰਾਬ ਹੋ ਗਈ ਕਿ ਸਭ ਨੂੰ ਭਾਜੜਾਂ ਪੈ ਗਈਆਂ।
ਡੱਲੇਵਾਲ ਨੂੰ ਕੁੱਝ ਵੀ ਹੋ ਸਕਦਾ
ਕਾਬਲੇਜ਼ਿਕਰ ਹੈ ਕਿ ਖਨੌਰੀ ਬਾਰਡਰ 'ਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਿੱਥੇ ਕਿਸਾਨ ਆਗੂਆਂ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਉੱਥੇ ਹੀ ਇਹ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਡਾਕਟਰ ਨੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਸਰੀਰ 'ਚ ਇਨਫ਼ੈਕਸ਼ਨ ਹੋ ਸਕਦੀ ਹੈ। ਅੱਜ ਉਨ੍ਹਾਂ ਦਾ ਬੀਪੀ ਬਹੁਤ ਜਿਆਦਾ ਘੱਟ ਗਿਆ ਸੀ। ਇਸੇ ਸਭ ਦੌਰਾਨ ਡੱਲੇਵਾਲ ਨੇ ਵੱਡਾ ਐਲਾਨ ਕਰਦੇ ਆਖਿਆ ਹੁਣ ਉਨ੍ਹਾਂ ਦਾ ਕੋਈ ਵੀ ਇਲਾਜ ਨਾ ਕੀਤਾ ਜਾਵੇ। ਕਾਬਲੇਜ਼ਿਕਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 19ਵਾਂ ਦਿਨ ਹੈ।
ਕਿਸਾਨਾਂ ਵੱਲੋਂ ਵੱਡੇ ਐਲਾਨ
ਸ਼ੰਭੂ ਬਾਰਡਰ ਤੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਹ ਰੇਲ ਰੋਕੋ ਅੰਦੋਲਨ 18 ਦਸੰਬਰ ਨੂੰ ਹੋਵੇਗਾ। ਉਸ ਤੋਂ ਪਹਿਲਾਂ 16 ਦਸੰਬਰ ਨੂੰ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਤੋਂ ਬਾਅਦ ਕਿਸਾਨ ਪੰਜਾਬ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
18 ਤੱਕ ਦਿੱਲੀ ਕੂਚ ਨਹੀਂ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 18 ਤੱਕ ਕੋਈ ਵੀ ਜੱਥਾ ਦਿੱਲੀ ਵੱਲ ਕੂਚ ਨਹੀਂ ਕਰੇਗਾ। ਦਿੱਲੀ ਕੂਚ ਕਰਨ ਵਾਲੇ ਅਗਲੇ ਜੱਥੇ ਵਿੱਚ ਹਰਿਆਣਾ ਦੇ ਕਿਸਾਨ ਵੀ ਸ਼ਾਮਿਲ ਹੋਣਗੇ। ਕਿਸਾਨਾਂ ਨੇ 14 ਦਸੰਬਰ (ਅੱਜ) ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਕੋਸ਼ਿਸ਼ ਅਸਫ਼ਲ ਹੋ ਗਈ।
ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਉਧਰ ਦੂਜੇ ਪਾਸੇ ਇਕ ਕਿਸਾਨ ਵੱਲੋਂ ਸਰਕਾਰ ਦੇ ਰਵੱਈਏ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜਪੁਰਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦਾ ਨੇ ਕਿਹਾ-
"ਬਾਪੂ ਡੱਲੇਵਾਲ ਦਾ ਹਾਲ ਦੇਖਿਆ ਨਹੀਂ ਜਾਂਦਾ, ਮਾਵਾਂ ਭੈਣਾਂ 'ਤੇ ਜੋ ਤਸ਼ੱਦਦ ਹੋ ਰਿਹਾ ਉਸ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਪੀੜਤ ਨੇ ਆਖਿਆ ਕਿ ਉਸ ਨੇ ਪਹਿਲ਼ਾਂ ਵੀ ਕਿਸਾਨੀ ਅੰਦੋਲਨ 'ਚ ਯੋਗਦਾਨ ਪਾਇਆ"। ਪੀੜਤ ਕਿਸਾਨ
ਕਿਸਾਨ ਆਗੂ ਦਾ ਪੱਖ
ਕਿਸਾਨ ਵੱਲੋਂ ਖੁਦਕੁਸ਼ੀ ਦੇ ਮਾਮਲੇ 'ਤੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਆਖਿਆ ਕਿ ਪੀੜਤ ਨੇ ਸਰਕਾਰਾਂ ਤੋਂ ਦੁੱਖੀ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਤੋਂ ਸ਼ੰਭੂ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਹੀ ਇਹ ਕਿਸਾਨ ਲੰਗਰ ਦੀ ਸੇਵਾ ਕਰ ਰਿਹਾ ਹੈ ਪਰ ਅੱਜ ਜਦੋਂ ਪ੍ਰਸਾਸ਼ਨ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਹੰਝੂ ਗੈਸ ਦਾ ਇਸਤੇਮਾਲ ਕੀਤਾ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਤਾਂ ਇਹ ਭਾਵੁਕ ਹੋ ਗਿਆ ਅਤੇ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਸੋਚਿਆ ਤੇ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ।
15 ਕਿਸਾਨ ਜ਼ਖਮੀ
ਕਿਸਾਨਾਂ ਵੱਲੋਂ ਅੱਜ ਤੀਜੇ ਜੱਥੇ ਨੂੰ ਦਿੱਲੀ ਵੱਲ ਰਵਾਨਾ ਕੀਤਾ ਗਿਆ ਸੀ ਪਰ ਅੱਜ ਵੀ ਕਿਸਾਨ ਦਿੱਲੀ ਨਹੀਂ ਜਾ ਸਕੇ। ਪ੍ਰਸਾਸ਼ਨ ਵੱਲੋਂ ਜੋ ਬਲ ਪ੍ਰਯੋਗ ਕੀਤਾ ਗਿਆ ਉਸ 'ਚ 15 ਦੇ ਕਰੀਬ ਕਿਸਾਨ ਜ਼ਖਮੀ ਹੋਏ ਹਨ। ਜਿੰਨ੍ਹਾਂ ਵਿੱਚੋਂ ਦੋ ਕਿਸਾਨਾਂ ਦੀ ਹਾਲਤ ਗੰਭੀਰ ਦੱਸ ਜਾ ਰਹੀ ਹੈ। ਪ੍ਰਸਾਸ਼ਨ ਅਤੇ ਸਰਕਾਰਾਂ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਹੁਣ ਕਿਸਾਨਾਂ ਵੱਲੋਂ ਵੀ ਸਖ਼ਤ ਕਦਮ ਚੁੱਕੇ ਜਾਣ ਦਾ ਐਲਾਨ ਕਰ ਦਿੱਤਾ ਹੈ।
- ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ, ਕੀ ਉਨ੍ਹਾਂ ਦੇ ਜਿਉਂਦੇ ਜੀਅ ਬਣ ਸਕੇਗਾ MSP ਦਾ ਕਾਨੂੰਨ
- ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ, ਵਾਟਰ ਕੈਨਨ ਦਾ ਇਸਤੇਮਾਲ, ਸ਼ੰਭੂ ਬਾਰਡਰ 'ਤੇ ਪਹੁੰਚੇ ਪਹਿਲਵਾਨ ਬਜਰੰਗ ਪੂਨੀਆ
- '2021 ਕਿਸਾਨਾਂ ਦੇ ਧਰਨੇ 'ਚ ਸਰਹੱਦੀ ਪਿੰਡਾਂ ਦੀਆਂ 700 ਕੁੜੀਆਂ ਗਾਇਬ ਅਤੇ ਬੱਚੇ ਲੱਗੇ ਮਰਨ...', ਆ ਕੀ ਬੋਲ ਗਏ ਹਰਿਆਣਾ ਦੇ ਲੀਡਰ