ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਖਿਲਾਫ਼ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਪਰ ਹੁਣ ਫਿਰੋਜ਼ਪੁਰ ਦੇ ਐਸ.ਐਸ.ਪੀ. ਸੌਮਿਆਂ ਮਿਸ਼ਰਾ ਵੱਲੋਂ ਵੱਖਰੀ ਹੀ ਪਹਿਲਕਦਮੀ ਕੀਤੀ ਗਈ ਹੈ। ਨਸ਼ੇ ਦੇ ਖਾਤਮੇ ਲਈ ਹੁਣ ਮਹਿਲਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਜੋ ਖੁਦ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਫਿਰੋਜ਼ਪੁਰ ਪੁਲਿਸ ਦੀ ਵੱਖਰੀ ਪਹਿਲਕਦਮੀ: ਫਿਰੋਜ਼ਪੁਰ ਪੁਲਿਸ ਨੇ ਕੀਤੀ ਵੱਖਰੀ ਪਹਿਲਕਦਮੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੌਮਿਆਂ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ੇ ਦੇ ਖਾਤਮੇ ਲਈ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਹੁਣ ਉਨ੍ਹਾਂ ਵੱਲੋਂ ਇੱਕ ਟੀਮ ਬਣਾਈ ਗਈ ਜੋ ਮਹਿਲਾਵਾਂ ਨਾਲ ਸਪੰਰਕ ਕਰ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੀ ਹੈ।
ਨਸ਼ਿਆਂ ਪ੍ਰਤੀ ਜਾਗਰੂਕਤਾ: ਐਸ.ਐਸ.ਪੀ. ਸੌਮਿਆਂ ਮਿਸ਼ਰਾ ਨੇ ਦੱਸਿਆ ਕਿ ਮਹਿਲਾਵਾਂ ਨਸ਼ਿਆਂ ਨੂੰ ਲੈ ਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ। ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਜਾ ਰਹੀ ਹੈ। ਬੱਚਿਆਂ ਵੱਲੋਂ ਪੇਟਿੰਗ ਬਣਾ ਕੇ ਨਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਪੂਰੀ ਟੀਮ ਦਿਨ ਰਾਤ ਇੱਕ ਕਰ ਰਹੀ ਹੈ ਤਾਂ ਕਿ ਫਿਰੋਜ਼ਪੁਰ ਵਿੱਚੋਂ ਨਸ਼ਿਆਂ ਦੀ ਜੜ੍ਹ ਨੂੰ ਪੁੱਟਿਆ ਜਾ ਸਕੇ। ਉਨ੍ਹਾਂ ਕਿਹਾ ਇਹ ਨਵੇਕਲੀ ਪਹਿਲ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
ਮਹਿਲਾਵਾਂ ਨੂੰ ਪ੍ਰੇਰਿਤ: ਉਨ੍ਹਾਂ ਦੱਸਿਆ ਕਿ ਇਹ ਸਭ ਤੋਂ ਜਿਆਦਾ ਪਾਪੂਲਰ ਗੱਲ ਹੈ ਕਿ ਜੇਕਰ ਪੁਰਸ਼ ਸੁਧਰਦਾ ਹੈ ਅਤੇ ਇੱਕ ਮਹਿਲਾਂ ਪੁਰਸ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਪੂਰੇ ਪਰਿਵਾਰ ਨੂੰ ਸੁਧਾਰ ਸਕਦੀ ਹੈ ਸਗੋਂ ਪੂਰੇ ਪਿੰਡ ਨੂੰ ਵੀ ਸੁਧਾਰ ਸਕਦੀ ਹੈ। ਇਸ ਕਰਕੇ ਅਸੀਂ ਮਹਿਲਾਵਾਂ ਨੂੰ ਪ੍ਰੇਰਿਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਾਂ ਕਿ ਉਹ ਇਸ ਕੰਮ 'ਚ ਵੱਧ ਚੜ੍ਹ ਕੇ ਪੰਜਾਬ ਪੁਲਿਸ ਦੀ ਮਦਦ ਕਰਨ।