ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਤੋਂ ਮੁਕਤ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓਜ਼) ਰੈਂਕ ਤੱਕ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਸੂਬਾ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਹੈ।
ਕਾਨੂੰਨ ਵਿਵਸਥਾ ਲਈ ਸੂਬਾ ਪੱਧਰੀ ਸਮੀਖਿਆ ਮੀਟਿੰਗ: ਡੀਜੀਪੀ ਨੇ ਕਿਹਾ ਕਿ ਅਧਿਕਾਰੀ ਪੇਸ਼ੇਵਰਾਨਾ ਢੰਗ ਨਾਲ ਕੰਮ ਕਰਦਿਆਂ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੇ ਪੱਧਰ ‘ਤੇ ਉਚਿਤ ਫੈਸਲੇ ਲੈ ਸਕਦੇ ਹਨ, ਜਿਸ ਦਾ ਉਹਨਾਂ ਵੱਲੋਂ ਪੂਰੀ ਤਰ੍ਹਾਂ ਸਮਰਥਨ ਕੀਤਾ ਜਾਵੇਗਾ। ਪੰਜਾਬ ਦੇ ਸਾਰੀਆਂ ਅੱਠ ਰੇਂਜਾਂ ਦੇ ਏਡੀਜੀਪੀ/ਆਈਜੀ/ਡੀਆਈਜੀ, 28 ਸੀਪੀਜ਼/ਐਸਐਸਪੀਜ਼, 117 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀਜ਼) ਅਤੇ 454 ਐਸਐਚਓਜ਼ ਨੂੰ ਸੰਬੋਧਨ ਕਰਦਿਆਂ, ਡੀਜੀਪੀ ਨੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਜ਼ਮੀਨੀ ਪੱਧਰ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਵਿਸ਼ੇਸ਼ ਡੀਜੀਪੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਕੁਲਦੀਪ ਸਿੰਘ, ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ, ਏਡੀਜੀਪੀ ਇੰਟੈਲੀਜੈਂਸ ਆਰ.ਕੇ. ਜੈਸਵਾਲ ਅਤੇ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਸਮੇਤ ਹੋਰ ਸੀਨੀਅਰ ਪੱਧਰ ਦੇ ਅਧਿਕਾਰੀ ਸ਼ਾਮਲ ਸਨ।
ਨਸ਼ੇ ਦੀ ਸਪਲਾਈ ਨੂੰ ਕੰਟਰੋਲ ਕਰਨ ਦੀ ਲੋੜ: ਇਹ ਦੱਸਦਿਆਂ ਕਿ ਪੰਜਾਬ ਪੁਲਿਸ ਨੇ 2023 ਵਿੱਚ ਰਿਕਾਰਡ 1450 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਡੀਜੀਪੀ ਗੌਰਵ ਯਾਦਵ ਨੇ ਨਸ਼ਾ ਤਸਕਰਾਂ/ਸਮੱਗਲਰਾਂ ‘ਤੇ ਚੌਕਸੀ ਨੂੰ ਵਧਾਉਂਦਿਆਂ ਵਿਕਰੀ ਵਾਲੀਆਂ ਥਾਵਾਂ 'ਤੇ ਨਸ਼ੇ ਦੀ ਸਪਲਾਈ ਨੂੰ ਕੰਟਰੋਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਤਸਕਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਡਰੱਗ ਮਨੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਡੋਮੇਨ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਡਰੱਗ ਸਪਲਾਇਰਾਂ ਦੁਆਰਾ ਗੈਰ-ਕਾਨੂੰਨੀ ਤੌਰ 'ਤੇ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਐਨਡੀਪੀਐਸ ਦੀ ਧਾਰਾ 68ਐਫ ਅਧੀਨ ਵੱਧ ਤੋਂ ਵੱਧ ਮਾਮਲੇ ਦਰਜ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਵਿੱਤੀ ਮਾਹਿਰਾਂ ਦੇ ਖੇਤਰ ਵਿੱਚ ਡੋਮੇਨ ਮਾਹਿਰਾਂ ਦੀ ਭਰਤੀ ਕੀਤੀ ਹੈ।
ਨਾਗਰਿਕ ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ: ਡੀਜੀਪੀ ਨੇ ਸਾਰੇ ਐਸ.ਐਚ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਸੰਪਰਕ ਕਾਇਮ ਕਰਦਿਆਂ ਨਾਗਰਿਕ ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਾ ਜਾਵੇ। ਜਿਕਰਯੋਗ ਹੈ ਕਿ ਡੀਜੀਪੀ ਨੇ ਪਹਿਲਾਂ ਹੀ ਏਡੀਜੀਪੀ ਰੈਂਕ ਤੋਂ ਲੈ ਕੇ ਐਸਐਚਓਜ਼ ਤੱਕ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਵਿਸ਼ੇਸ਼ ਯੂਨਿਟਾਂ ਨਾਲ ਤਾਲਮੇਲ ਦੇ ਹੁਕਮ: ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚੋਂ ਗੈਂਗਸਟਰ ਕਲਚਰ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਯੂਨਿਟਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਮਹੀਨਾਵਾਰ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਰਡਰਲੀ ਰੂਮ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।
ਨਸ਼ਿਆਂ ਸਬੰਧੀ ਗੁਪਤ ਜਾਣਕਾਰੀ ਸਾਂਝੀ ਕਰਨ ਲੋਕ: ਫੀਲਡ ਅਫਸਰਾਂ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀਜੀਪੀ ਐਸਟੀਐਫ ਕੁਲਦੀਪ ਸਿੰਘ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਹੈਲਪਲਾਈਨ ਸਥਾਪਤ ਕੀਤੀ ਜਾ ਰਹੀ ਹੈ ਜਿਸ ਨਾਲ ਆਮ ਲੋਕ ਨਸ਼ਿਆਂ ਸਬੰਧੀ ਗੁਪਤ ਜਾਣਕਾਰੀ ਸਾਂਝੀ ਕਰ ਸਕਣਗੇ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਨਾਈਟ ਡੌਮੀਨੈਂਸ ਅਪ੍ਰੇਸ਼ਨਾਂ ਨੂੰ ਅੰਜਾਮ ਦੇਣ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ, ਖਾਸ ਤੌਰ 'ਤੇ ਜਿਨ੍ਹਾਂ ਵਿਰੁੱਧ ਤਿੰਨ ਐਫਆਈਆਰ ਦਰਜ ਹਨ, ‘ਤੇ ਚੌਕਸੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।
ਜ਼ਮਾਨਤ ‘ਤੇ ਰਿਹਾਅ ਗੈਂਗਸਟਰਾਂ ਅਤੇ ਅਪਰਾਧੀਆਂ 'ਤੇ ਨਜ਼ਰ: ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਫੀਲਡ ਯੂਨਿਟ ਦੇ ਅਧਿਕਾਰੀਆਂ ਨੂੰ ਜ਼ਮਾਨਤ ‘ਤੇ ਰਿਹਾਅ ਹੋਏ ਗੈਂਗਸਟਰਾਂ ਅਤੇ ਅਪਰਾਧੀਆਂ 'ਤੇ ਨਜ਼ਰ ਰੱਖਣ ਲਈ ਕਿਹਾ। ਏਡੀਜੀਪੀ ਇੰਟੈਲੀਜੈਂਸ ਆਰ.ਕੇ. ਜੈਸਵਾਲ ਨੇ ਸੀਪੀਜ਼/ਐਸਐਸਪੀਜ਼ ਨੂੰ ਸਥਾਨਕ ਸੀਆਈਡੀ ਅਧਿਕਾਰੀਆਂ ਦੇ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ, ਜੋ ਕਿ ਜ਼ਿਲ੍ਹਿਆਂ ਵਿੱਚ ਬਲ ਵਧਾਉਣ ਦਾ ਕੰਮ ਕਰੇਗਾ। ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਪੁਰਾਣੀ ਹੂਮੈਨ ਇੰਟੈਲੀਜੈਂਸ ਨੂੰ ਸਰਗਰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਪਰਾਧਿਕ ਤੱਤਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪਿੰਡਾਂ ਵਿਚ ਸਮਾਂ ਬਿਤਾਉਣ ਲਈ ਕਿਹਾ। ਇਸ ਦੌਰਾਨ ਫੀਲਡ ਅਫਸਰਾਂ ਨੂੰ ਸਮੇਂ ਅਤੇ ਪੁਲਿਸ ਸਿਧਾਂਤਾਂ ਦੀ ਜਾਂਚ ਕਰਨ ਅਤੇ ਸਰਗਰਮ ਰਹਿਣ ਲਈ ਵੀ ਕਿਹਾ ਗਿਆ।
- ਅੰਮ੍ਰਿਤਸਰ ਦੇ ਟੂਥਪਿਕ ਕਲਾਕਾਰ ਦਾ ਕਮਾਲ, 8ਵਾਂ ਵਰਲਡ ਰਿਕਾਰਡ ਕੀਤਾ ਕਾਇਮ - Toothpick artist world record
- ਗੰਨੇ ਦਾ ਜੂਸ ਵੇਚ ਆਪਣੀ ਮਾਂ ਦਾ ਪੇਟ ਪਾਲ਼ ਰਹੀ ਹੈ ਇਹ ਦਲੇਰ ਕੁੜੀ, ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਹੋਣ ਦਾ ਕਰ ਰਹੀ ਹੈ ਦਾਅਵਾ... - Latest news of Mansa
- ਅਜਨਾਲਾ ਦੇ ਪਿੰਡ ਦੁਜੋਵਾਲ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ ਉੱਤੇ ਜਾਨਲੇਵਾ ਹਮਲਾ - Attack on family in Amritsar