ਬਠਿੰਡਾ: ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਸੜਕਾਂ, ਗਲੀਆਂ ਤੇ ਨਾਲੀਆਂ ਵਿੱਚ ਇਕੱਠੇ ਹੋਏ ਪਾਣੀ ਕਾਰਨ ਡੇਂਗੂ ਫੈਲਣ ਦਾ ਸਭ ਤੋਂ ਵਧ ਖ਼ਤਰਾ ਬਣ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਵੱਡੀ ਪੱਧਰ ਉੱਤੇ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਡਾਕਟਰ ਓਸ਼ਾ ਗੋਇਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਡੇਂਗੂ ਹੁਣ ਕੁਝ ਮਹੀਨਿਆਂ ਦੀ ਬਿਮਾਰੀ ਨਹੀਂ ਰਹੀ। ਹੁਣ ਇਹ ਸਾਰਾ ਸਾਲ ਚੱਲਦੀ ਹੈ ਜਿਸ ਕਾਰਨ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਬਰਸਾਤਾਂ ਵਿੱਚ ਰਹੋ ਸਾਵਧਾਨ: ਡਾਕਟਰ ਓਸ਼ਾ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਬਰਸਾਤ ਕਾਰਨ ਪਾਣੀ ਇਕੱਠਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਇਕੱਠਾ ਹੁੰਦਾ ਹੈ, ਤਾਂ ਉਸ ਨੂੰ ਨਸ਼ਟ ਕਰ ਦਿਉ, ਕਿਉਂਕਿ ਇਕੱਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਘਰ ਅੰਦਰ ਪਏ ਫਰਿੱਜ ਦੇ ਪਿਛਲੇ ਪਾਸੇ ਬਣੀ ਟ੍ਰੇਅ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਜੇਕਰ ਕਿਸੇ ਬਰਤਨ ਵਿੱਚ ਕਈ ਦਿਨਾਂ ਤੋਂ ਪਾਣੀ ਪਿਆ ਹੈ, ਤਾਂ ਉਸ ਨੂੰ ਧੋਣ ਤੋਂ ਬਾਅਦ ਹੀ ਚੰਗੀ ਤਰ੍ਹਾਂ ਵਰਤਿਆ ਜਾਵੇ।
ਡਾਕਟਰ ਓਸ਼ਾ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਡੇਂਗੂ ਰੋਕਥਾਮ ਕੀਤੀ ਜਾ ਸਕੇ। ਜਿਹੜੇ ਲੋਕਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ, ਉਨ੍ਹਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਛੱਪੜਾਂ ਵਿਚ ਛਿੜਕਾਅ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸੰਭੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਡੇਂਗੂ ਦੇ ਲੱਛਣ: ਡਾਕਟਰ ਗੋਇਲ ਨੇ ਦੱਸਿਆ ਕਿ ਜ਼ਿਲਾ ਹਸਪਤਾਲ ਦੇ ਨਾਲ ਕਸਬਿਆਂ ਵਿਚਲੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਡੇਂਗੂ ਹੋਣ 'ਤੇ ਸਰੀਰ ਵਿੱਚ ਦਰਦ ਅਤੇ ਬੁਖਾਰ ਰਹਿੰਦਾ ਹੈ। ਸਰੀਰ ਵਿੱਚ ਥਕਾਵਟ ਅਤੇ ਮਾਸਪੇਸ਼ੀਆਂ ਵਿੱਚ ਜਿਆਦਾ ਦਰਦ ਮਹਿਸੂਸ ਹੋਣ ਉੱਤੇ ਮਰੀਜ਼ ਨੂੰ ਤੁਰੰਤ ਡੇਂਗੂ ਦਾ ਟੈਸਟ ਕਰਵਾਉਣਾ ਚਾਹੀਦਾ ਹੈ।
ਡੇਂਗੂ, ਸਾਫ ਪਾਣੀ ਪੈਦਾ ਹੋਣ ਵਾਲਾ ਕੀਟਾਣੂ ਹੈ, ਜੋ ਟੋਪੀਆਂ, ਫਾਲਤੂ ਟਾਇਰਾਂ ਤੇ ਹਰ ਉਸ ਚੀਜ਼ ਵਿੱਚ ਪੈਦਾ ਹੋ ਸਕਦਾ ਹੈ ਜਿਸ ਵਿੱਚ ਪਾਣੀ ਜਮਾਂ ਹੋਵੇ।
ਡੇਂਗੂ ਤੋਂ ਬਚਾਅ ਕਰਨ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ: ਸਾਫ ਪਾਣੀ ਨੂੰ ਕਿਤੇ ਵੀ ਇਕੱਠਾ ਨਾ ਹੋਣ ਦਿੱਤਾ ਜਾਵੇ ਮਨੁੱਖ ਨੂੰ ਆਪਣੇ ਸਰੀਰ ਉੱਪਰ ਅਜਿਹੇ ਕ੍ਰੀਮ ਜਾਂ ਜਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਡੇਂਗੂ ਦਾ ਮੱਛਰ ਉਨ੍ਹਾਂ ਦੇ ਨੇੜੇ ਨਾ ਆਵੇ। ਡੇਂਗੂ ਹੋਣ 'ਤੇ ਮਰੀਜ਼ ਨੂੰ ਤੇਜ਼ ਬੁਖਾਰ ਹੋਣ ਉੱਤੇ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਆ ਕੇ ਚੈੱਕਅਪ ਕਰਾਉਣਾ ਚਾਹੀਦਾ ਹੈ। ਬੁਖਾਰ ਹੋਣ ਉੱਤੇ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ ਅਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਪੂਰੀ ਰੱਖਣੀ ਚਾਹੀਦੀ ਹੈ।
ਡੇਂਗੂ ਦਾ ਕਹਿਰ: ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿੱਚ ਡੇਂਗੂ ਨੇ ਕਾਫ਼ੀ ਕਹਿਰ ਵਰਤਾਇਆ ਸੀ। ਸਾਲ 2021-22 ਵਿੱਚ 23,389 ਅਤੇ 2022-23 ਵਿੱਚ ਡੇਂਗੂ ਦੇ11,030 ਲੋਕ ਪੰਜਾਬ ਵਿੱਚ ਪਾਜ਼ੀਟਿਵ ਪਾਏ ਗਏ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਡੇਂਗੂ ਦਾ ਖ਼ਤਰਾ ਪਿਛਲੀ ਵਾਰ ਨਾਲੋਂ ਵੱਧ ਗਿਆ ਹੈ ਕਿ ਇਸ ਵਾਰ ਮਾਨਸੂਨ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਡੇਂਗੂ ਦੇ ਮੰਡਰਾ ਰਹੇ ਖ਼ਤਰਿਆਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਨਗਰ ਨਿਗਮ ਨੂੰ ਪੱਤਰ ਲਿਖੇ ਜਾ ਰਹੇ ਹਨ, ਤਾਂ ਜੋ ਲੋੜੀਂਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕੀਤੀਆਂ ਜਾ ਸਕਣ। ਇਥੇ ਦੱਸਣਯੋਗ ਹੈ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਸਾਂਝੇ ਉਪਰਾਲੇ ਕਰਕੇ ਡੇਂਗੂ ਨੂੰ ਫੈਲਣ ਤੋਂ ਰੋਕਣ ਦੇ ਪ੍ਰਬੰਧ ਕੀਤੇ ਜਾਂਦੇ ਹਨ।