ਪਟਿਆਲਾ: ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਵਿੰਦਰ ਸਿੰਘ ਹਰਪਾਲਪੁਰ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਕਿਸਾਨ ਸੁਰਿੰਦਰ ਸਿੰਘ ਦੇ ਭਤੀਜੇ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਐਫਆਈਆਰ ਦਰਜ ਕੀਤੀ ਹੈ।
ਦੱਸ ਦੇਈਏ ਕਿ ਭਾਜਪਾ ਵੱਲੋਂ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਰਹੀ ਪ੍ਰਨੀਤ ਕੌਰ ਨੂੰ ਰਾਜਪੁਰਾ ਨੇੜੇ ਸੇਹਰਾ ਪਿੰਡ ਵਿੱਚ ਕਿਸਾਨਾਂ ਨੇ ਘੇਰ ਲਿਆ ਸੀ। ਇਸ ਝੜਪ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਹੈ।
ਪਿੰਡਾਂ ਵਿੱਚ ਭਾਜਪਾ ਦਾ ਵਿਰੋਧ: ਇਸ ਘਟਨਾ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਵੀ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਜਪਾ ਦਾ ਪਿੰਡਾਂ ਵਿੱਚ ਕਿਸਾਨਾਂ ਵਲੋਂ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਭਾਜਪਾ ਉਮੀਦਵਾਰਾਂ ਨੂੰ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ ਪਿੰਡ ਵਿੱਚ ਦਾਖਲ ਨਾ ਹੋਣ ਦੀ ਸਲਾਹ ਦੇ ਰਹੇ ਹਨ।
1 ਜੂਨ ਨੂੰ ਹੋਵੇਗੀ ਵੋਟਿੰਗ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ। 1 ਜੂਨ ਨੂੰ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ।