ਚੰਡੀਗੜ੍ਹ: ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਕਾਂਗਰਸ ਦਾ ਇੱਕ ਅਹਿਮ ਚਿਹਰਾ ਪਾਰਟੀ ਨੂੰ ਅਲਵਿਦਾ ਆਖ ਸਕਦਾ ਹੈ ਜੋ ਕਿ ਮੌਜੂਦਾ ਵਿਧਾਇਕ ਹੈ। ਇਹ ਨਾਮ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਦਾ ਹੈ। ਦਰਅਸਲ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਲੋਕ ਸਭਾ ਉਮੀਦਵਾਰ ਵੱਜੋਂ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਨਾਲ ਨਾਰਾਜ਼ ਨਜ਼ਰ ਆ ਰਹੇ ਸਨ ਅਤੇ ਇਸ ਵਿਚਾਲੇ ਹੁਣ ਉਹਨਾਂ ਵੱਲੋਂ ਪਾਰਟੀ ਛੱਡਣ ਦਾ ਇਸ਼ਾਰਾ ਦਿੱਤਾ ਗਿਆ ਹੈ।
ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ 'ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ,ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ ..!! ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ,ਇੱਕ ਵਾਰ ਚੱਲ ਪਏ - ਤਾਂ ਫਿਰ ਵਗਦੇ ਰਹਾਂਗੇ ..!!ਹਨੇਰਿਆਂ ਦੀ ਰਾਤ ਵਿੱਚ, ਚਾਨਣ ਦੀ ਲੋੜ ਹੈ,ਦੀਵੇ ਨਹੀਂ - ਜੁਗਨੂੰ ਸਹੀ, ਪਰ ਜਗਦੇ ਰਹਾਂਗੇ' ਇਸ ਪੋਸਟ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਸੁਖਪਾਲ ਖਹਿਰਾ ਨੂੰ ਟਿਕਟ ਮਿਲਣ ਤੋਂ ਨਾਰਾਜ਼: ਦਰਅਸਲ ਗੋਲਡੀ ਲੋਕ ਸਭਾ ਚੋਣਾਂ ਵਿੱਚ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਸਨ। ਉਹਨਾਂ ਦੀ ਟਿਕਟ ਕੱਟ ਕੇ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਹੈ। ਜਿਸ ਤੋਂ ਬਾਅਦ ਉਹਨਾਂ ਦੇ ਚਿਹਰੇ ਉੱਤੇ ਉਦਾਸੀ ਨਜ਼ਰ ਆ ਰਹੀ ਹੈ। ਹਾਲਾਂਕਿ ਪਾਰਟੀ ਪ੍ਰਧਾਨ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਸੁਖਪਾਲ ਖਹਿਰਾ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਕਰਵਾਈ ਗਈ ਅਤੇ ਨਾਲ ਹੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ।
ਪਾਰਟੀ ਛਡੱਣ ਦੀ ਚਰਚਾ: ਖ਼ੈਰ ਹੁਣ ਦੇਖਣਾ ਹੋਵੇਗਾ ਕਿ ਦਲਵੀਰ ਗੋਲਡੀ ਵੱਲੋਂ ਪੋਸਟ ਪਾ ਕੇ ਦਿੱਤਾ ਇਹ ਇਸ਼ਾਰਾ ਕਿੰਨਾ ਕੁ ਸੱਚ ਹੁੰਦਾ ਹੈ ਕਿ ਉਹ ਪਾਰਟੀ ਵਿੱਚ ਰਹਿਣਗੇ ਜਾਂ ਫਿਰ ਪਾਰਟੀ ਦਾ ਹੱਥ ਛੱਡ ਜਾਣਗੇ। ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਅਖੀਰ ਹੁਣ ਗੋਲਡੀ ਪਾਰਟੀ ਛੱਡ ਕੇ ਜਾਂਦੇ ਹਨ ਤਾਂ ਫਿਰ ਇਹ ਕਿਹੜੀ ਪਾਰਟੀ ਦੇ ਖੇਮੇ ਚ ਜਾਣਗੇ। ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਵੱਲੋਂ ਅਜੇ ਤੱਕ ਸੰਗਰੂਰ ਤੋਂ ਆਪਣਾ ਉਮਦਿਵਾਰ ਨਹੀਂ ਐਲਾਨਿਆ ਗਿਆ ਤਾਂ ਕੀ ਜੇਕਰ ਗੋਲਡੀ ਕਾਂਗਰਸ ਦਾ ਹੱਥ ਛੱਡਦੇ ਹਨ ਤਾਂ ਭਾਜਪਾ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਮਿਲ ਸਕਦਾ ਹੈ।