ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ ਤਾਂ ਕਿ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਦੇ ਨਾਲ-ਨਾਲ ਸੂਬੇ ਵਿੱਚ ਹਰਿਆਵਲ ਹੇਠ ਰਕਬਾ ਵਧਾਇਆ ਜਾ ਸਕੇ।
ਅੱਜ ਇੱਥੇ ਵਣ-ਮਹਾਂਉਤਸਵ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਲੱਖਣ ਉਪਰਾਲੇ ਦਾ ਉਦੇਸ਼ ਸੂਬਾ ਭਰ ਵਿੱਚ ਹਰਿਆਲੀ ਨੂੰ ਹੋਰ ਵਧਾਉਣਾ ਹੈ। ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮਿਆਂ ਦੌਰਾਨ ਕੋਈ ਉਦਯੋਗਿਕ ਯੂਨਿਟ ਵੀ ਨਹੀਂ ਹੁੰਦਾ ਸੀ ਜਦੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਸਨ ਪਰ ਇਹ ਸਾਡੇ ਮਹਾਨ ਗੁਰੂ ਸਾਹਿਬਾਨ ਦੀ ਦੂਰਅੰਦੇਸ਼ ਪਹੁੰਚ ਸੀ ਜਿਸ ਦਾ ਮਕਸਦ ਪ੍ਰਦੂਸ਼ਣ ਦਾ ਖਾਤਮਾ ਕਰਨਾ ਸੀ।
ਆਓ ਰਲ਼ ਮਿਲ਼ ਪੌਦੇ ਲਾਈਏ, ਪੰਜਾਬ ਨੂੰ ਹਰਿਆ-ਭਰਿਆ ਬਣਾਈਏ... 73ਵੇਂ ਰਾਜ ਪੱਧਰੀ ਵਣ ਮਹਾਂ-ਉਤਸਵ ਦੌਰਾਨ ਹੁਸ਼ਿਆਰਪੁਰ ਤੋਂ Live… https://t.co/m5tr3kZm0Z
— Bhagwant Mann (@BhagwantMann) August 6, 2024
ਗੁਰਬਾਣੀ ਦੀਆਂ ਸਿੱਖਿਆਵਾਂ ਉਤੇ ਚੱਲਣਾ: ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਉਤੇ ਚੱਲਣਾ ਚਾਹੀਦਾ ਹੈ ਤਾਂ ਕਿ ਸੂਬੇ ਦੇ ਵਾਤਾਵਰਣ ਨੂੰ ਬਚਾ ਕੇ ਇਸ ਦੀ ਪੁਰਾਤਨ ਸ਼ਾਨ ਨੂੰ ਬਹਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਵਾਤਾਵਰਣ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ ਜਿਸ ਕਰਕੇ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਿਆ ਜਾਵੇ।
ਪੰਜਾਬ ‘ਚ ਪਹਿਲਾਂ ਇਹੋ ਜਿਹੇ ਸਮਾਗਮ ਹੀ ਨਹੀਂ ਹੋਏ ਕਦੇ, ਤਰੱਕੀ ਵਾਲ਼ੇ ਸਮਾਗਮ ਹੋਣੇ ਹੀ ਹੱਟ ਗਏ ਸੀ, ਜਿਵੇਂ ਅੱਜ ਵਣ ਮਹਾਂ-ਉਤਸਵ ਦਾ ਸਮਾਗਮ ਹੋ ਰਿਹਾ ਹੈ… ਪਹਿਲਾਂ ਤਾਂ ਸਿਰਫ਼ ਇੱਕਲੀਆਂ ਰਾਜਨੀਤਕ ਰੈਲੀਆਂ ਹੀ ਹੁੰਦੀਆਂ ਸੀ… pic.twitter.com/Cjq34LsRd6
— Bhagwant Mann (@BhagwantMann) August 6, 2024
ਕਾਰਬਨ ਕਰੈਡਿਟ ਸਕੀਮ ਦੀ ਸ਼ੁਰੂਆਤ: ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਕਾਰਬਨ ਕਰੈਡਿਟ ਸਕੀਮ’ ਲਾਗੂ ਕਰਨ ਵਾਲਾ ਦੇਸ਼ ਵਿੱਚ ਪਹਿਲਾ ਸੂਬਾ ਹੈ ਤਾਂ ਕਿ ਵਾਤਾਵਰਣ ਨੂੰ ਬਚਾਉਣ ਦੇ ਨਾਲ-ਨਾਲ ਆਲਮੀ ਤਪਸ਼ ਉਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਟੇਰੀ (ਊਰਜਾ ਤੇ ਖੋਜ ਸੰਸਥਾਨ) ਦੀ ਮਦਦ ਨਾਲ ਸੂਬੇ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਪਾਇਲਟ ਪ੍ਰਾਜੈਕਟ ਵਜੋਂ ਸੂਬੇ ਦੇ 3686 ਕਿਸਾਨਾਂ ਨੂੰ ਚਾਰ ਕਿਸ਼ਤਾਂ ਵਿੱਚ 45 ਕਰੋੜ ਰੁਪਏ ਵੰਡੇ ਜਾਣਗੇ। ਭਗਵੰਤ ਸਿੰਘ ਮਾਨ ਨੇ ਅੱਜ ਇਸ ਸਕੀਮ ਅਧੀਨ ਪਹਿਲੀ ਕਿਸ਼ਤ ਵਜੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ 818 ਕਿਸਾਨਾਂ ਨੂੰ 1.75 ਕਰੋੜ ਰੁਪਏ ਦੇ ਚੈੱਕ ਵੰਡੇ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫੰਡ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਸਰਗਰਮ ਭੂਮਿਕਾ ਨਿਭਾਅ ਰਹੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਜਾਣਗੇ।
ਪੰਜਾਬ ‘ਚ ਖੇਤਾਂ ਵਾਲ਼ੀ ਬਿਜਲੀ ਮੁਫ਼ਤ ਹੈ… ਮੇਰੀ ਕਿਸਾਨਾਂ ਨੂੰ ਸਲਾਹ ਹੈ ਜਿਨ੍ਹਾਂ-ਜਿਨ੍ਹਾਂ ਦੀ ਖੇਤੀ ਵਾਲ਼ੀ ਬਿਜਲੀ ਮੁਫ਼ਤ ਹੈ ਉਹ ਟਿਊਬਵੈੱਲ ਦੇ ਆਲ਼ੇ-ਦੁਆਲੇ ਘੱਟੋ ਘੱਟ ਚਾਰ ਦਰਖ਼ਤ ਜ਼ਰੂਰ ਲਾਉਣ… ਜੇ ਵੱਧ ਲਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ… pic.twitter.com/xrDHEh1raJ
— Bhagwant Mann (@BhagwantMann) August 6, 2024
ਕਿਸਾਨਾਂ ਨੂੰ ਵਿੱਤੀ ਤੌਰ ਉਤੇ ਮੁਆਵਜ਼ਾ: ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਸਕੀਮ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਸਾਰਥਕ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਪ੍ਰਦੂਸ਼ਣ ਫੈਲਾਉਣ ਵਾਲੀਆਂ ਜ਼ਿੰਮੇਵਾਰ ਧਿਰਾਂ ਦੇ ਸਿਧਾਂਤ ਉਤੇ ਅਧਾਰਿਤ ਹੈ ਜਿੱਥੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਧਿਰਾਂ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਜਾਂ ਕਿਸਾਨਾਂ ਨੂੰ ਵਿੱਤੀ ਤੌਰ ਉਤੇ ਮੁਆਵਜ਼ਾ ਦਿੱਤਾ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੂਟੇ ਲਾਉਣ ਵਾਲੇ ਕਿਸਾਨਾਂ ਵੱਲੋਂ ਵਾਤਾਵਰਣ ਪ੍ਰਦੂਸ਼ਣ ਘਟਾਉਣ ਵਿੱਚ ਸਰਗਰਮ ਰੋਲ ਨਿਭਾਅ ਰਹੇ ਹਨ ਜਿਸ ਕਰਕੇ ਇਹ ਕਿਸਾਨ ਇਸ ਸਕੀਮ ਦੇ ਯੋਗ ਲਾਭਪਾਤਰੀ ਬਣ ਸਕਦੇ ਹਨ।
ਕੁਦਰਤ ਨਾਲ ਵੱਡਾ ਖਿਲਵਾੜ : ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖ ਨੇ ਅੰਨ੍ਹੇਵਾਹ ਰੁੱਖ ਵੱਢ ਕੇ ਕੁਦਰਤ ਨਾਲ ਵੱਡਾ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੀ ਇਸ ਗਲਤੀ ਕਰਕੇ ਅਸੀਂ ਦੇਸ਼ ਭਰ ਵਿੱਚ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਵੱਧ ਤੋਂ ਵੱਧ ਬੂਟੇ ਲਾਉਣਾ ਹੀ ਇਸ ਦਾ ਇਕੋ-ਇਕ ਹੱਲ ਹੈ। ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪੋ-ਆਪਣੇ ਖੇਤਾਂ ਵਿੱਚ ਘੱਟੋ-ਘੱਟ ਚਾਰ ਬੂਟੇ ਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਇਸ ਬਾਰੇ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ।
ਅੱਜ ਵਣ-ਮਹਾਂਉਤਸਵ ਸਮਾਗਮ ਦੌਰਾਨ ਕਾਰਬਨ ਕ੍ਰੈਡਿਟ ਸਕੀਮ ਦੇ ਤਹਿਤ ਧੰਨਰਾਸ਼ੀ ਜਾਰੀ ਕਰ ਰਹੇ ਹਾਂ… ਜਿਸ ਨਾਲ਼ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਸੂਬੇ ਨੂੰ ਹਰਿਆ ਭਰਿਆ ਬਣਾਉਣਾ ਹੈ ਤੇ ਵਾਤਾਵਰਣ ਨੂੰ ਬਚਾਉਣਾ ਹੈ… pic.twitter.com/bTUdHRDuRg
— Bhagwant Mann (@BhagwantMann) August 6, 2024
ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ: ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਉਸ ਸਮੇਂ ਸਿਰਫ਼ 21 ਫੀਸਦੀ ਨਹਿਰੀ ਪਾਣੀ ਹੀ ਵਰਤਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਅੱਜ 72 ਫੀਸਦੀ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵੀਂ ਕੰਢੀ ਨਹਿਰ ਬਣਾਈ ਜਾ ਰਹੀ ਹੈ ਜਿਸ ਨਾਲ 11,000 ਏਕੜ ਰਕਬੇ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਧਾਰ ਕਲਾਂ ਵਿਖੇ 206 ਮੈਗਾਵਾਟ ਦੀ ਸਮਰੱਥਾ ਵਾਲਾ ਡੈਮ ਵੀ ਛੇਤੀ ਹੀ ਸਮਰਪਿਤ ਕੀਤਾ ਜਾਵੇਗਾ।
ਸਰਕਾਰੀ ਦਫ਼ਤਰਾਂ ਦੀਆਂ ਪੁਰਾਣੀ ਕਾਰਗੁਜ਼ਾਰੀਆਂ ਕਰਕੇ ਇੱਕ ਭ੍ਰਿਸ਼ਟਾਚਾਰ ਵਾਲ਼ੀ ਰੀਤ ਬਣ ਗਈ ਸੀ ਕਿ ਬਿਨਾਂ ਪੈਸੇ ਦਿੱਤੇ ਤਾਂ ਕੰਮ ਹੋ ਹੀ ਨਹੀਂ ਸਕਦੇ… ਅੱਜ ਵੀ ਜਿਨ੍ਹਾਂ ਦਫ਼ਤਰਾਂ ‘ਚ ਬਿਨਾਂ ਰਿਸ਼ਵਤ ਦੇ ਕੰਮ ਹੋਣ ਲੱਗ ਪਏ ਨੇ, ਕੁਝ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ… ਪਰ ਭਰੋਸਾ ਰੱਖਿਓ ਮੇਰੇ ‘ਤੇ, ਜਲਦ ਹੀ ਇਹ ਰੀਤਾਂ ਟੁੱਟਣਗੀਆਂ… pic.twitter.com/kpubPnWSIo
— Bhagwant Mann (@BhagwantMann) August 6, 2024
ਲੋਕਾਂ ਦੀ ਭਲਾਈ ਲਈ ਮਿਸਾਲੀ ਪਹਿਲਕਦਮੀਆਂ: ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਮਾਲਵਾ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਹੈ ਕਿ ਸੂਬੇ ਦੀਆਂ ਪਿਛਲੀਆਂ ਕਿਸੇ ਵੀ ਸਰਕਾਰਾਂ ਨੇ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਬੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਵਿੱਚ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਸੂਬਾ ਸਰਕਾਰ ਇਸ ਵੱਕਾਰੀ ਪ੍ਰੋਜੈਕਟ 'ਤੇ ਲਗਭਗ 2300 ਕਰੋੜ ਰੁਪਏ ਖਰਚ ਕਰੇਗੀ ਜੋ ਕਿ ਸੂਬੇ ਦੀ ਤਕਰੀਬਨ ਦੋ ਲੱਖ ਏਕੜ ਜ਼ਮੀਨ ਦੀ ਸਿੰਜਾਈ ਦੀਆਂ ਲੋੜਾਂ ਨੂੰ ਪੂਰਾ ਕਰੇਗੀ।
ਅਕਾਲੀ ਲੀਡਰਾਂ 'ਤੇ ਨਿਸ਼ਾਨਾ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਆਪਣੀਆਂ ਸਿਆਸੀ ਚਾਲਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, “ਬਾਦਲ ਪਰਿਵਾਰ ਦਾ ਫਰਜੰਦ ਹੁਣ ਆਪਣੇ ਕੀਤੇ ਦੀ ਮੁਆਫੀ ਮੰਗ ਰਿਹਾ ਹੈ ਪਰ ਉਸ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗਲਤੀਆਂ ਲਈ ਮੁਆਫ਼ ਕੀਤਾ ਜਾ ਸਕਦਾ ਪਰ ਗੁਨਾਹ ਕਦੇ ਮਾਫ਼ ਨਹੀਂ ਹੁੰਦੇ। ਬਾਦਲ ਪਰਿਵਾਰ ਨੇ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਬੱਜਰ ਗੁਨਾਹ ਕੀਤੇ ਹਨ ਜਿਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।”
ਅੱਜ ਹੁਸ਼ਿਆਰਪੁਰ ਦੇ ਸਿਟੀ ਸੈਂਟਰ ਵਿਖੇ 73ਵੇਂ 'ਵਣ ਮਹਾਂ-ਉਤਸਵ' ਸੰਬੰਧੀ ਰੱਖੇ ਰਾਜ ਪੱਧਰੀ ਸਮਾਗਮ 'ਚ ਹਿੱਸਾ ਲਿਆ... ਰੁੱਖ ਲਗਾ ਕੇ ਮਹਾਂ-ਉਤਸਵ ਦੀ ਸ਼ੁਰੂਆਤ ਕੀਤੀ...
— Bhagwant Mann (@BhagwantMann) August 6, 2024
ਕੁਦਰਤ ਦੇ ਗਹਿਣਿਆਂ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ... ਜਿਸ ਨਾਲ ਪੰਜਾਬ ਪ੍ਰਦੂਸ਼ਣ ਮੁਕਤ ਹੋਵੇਗਾ ਅਤੇ ਲੋਕਾਂ ਨੂੰ… pic.twitter.com/54uM78txRt
ਬੇਅਦਬੀ ਕਾਂਡ 'ਤੇ ਸਬੂਤ ਕਰ ਰਹੇ ਇਕੱਠੇ: ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬੇਅਦਬੀ ਕਾਂਡ ਬਾਰੇ ਸਬੂਤ ਇਕੱਠੇ ਕਰ ਰਹੀ ਹੈ ਅਤੇ ਇਸ ਅਪਰਾਧ ਦੇ ਅਸਲ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਬਾਗ਼ੀ ਅਕਾਲੀ ਲੀਡਰਸ਼ਿਪ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਹੁਣ ਇਸ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਜਦਕਿ ਜਦੋਂ ਇਹ ਗੁਨਾਹ ਕੀਤੇ ਜਾ ਰਹੇ ਸਨ ਤਾਂ ਉਸ ਵੇਲੇ ਇਹ ਬਾਗੀ ਲੀਡਰਸ਼ਿਪ ਵੀ ਬਾਦਲ ਪਰਿਵਾਰ ਨਾਲ ਘਿਓ-ਖਿਚੜੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਹੁਣ ਸਿਰਫ਼ ਫੋਕੀ ਬਿਆਨਬਾਜ਼ੀ ਕਰਕੇ ਪੰਜਾਬ ਨਾਲ ਕਮਾਏ ਧ੍ਰੋਹ ਤੋਂ ਮੁਕਤ ਨਹੀਂ ਹੋ ਸਕਦੇ।
ਸਰਕਾਰ ਪਿੰਡਾਂ ਅਤੇ ਕਸਬਿਆਂ ਤੋਂ ਚਲਾਈ ਜਾ ਰਹੀ: ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਗਏ, ਜਦੋਂ ਸਰਕਾਰ ਚੰਡੀਗੜ੍ਹ ਦੇ ਦਫ਼ਤਰਾਂ ਤੋਂ ਚਲਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਸਲ ਮਾਲਕ ਲੋਕ ਹੁੰਦੇ ਹਨ ਅਤੇ ਲੋਕਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਕਰਨ ਲਈ ਹੁਣ ਸਰਕਾਰ ਪਿੰਡਾਂ ਅਤੇ ਕਸਬਿਆਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਪਿੰਡ ਪੱਧਰੀ ਕੈਂਪ ਲਗਾਏ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ਲਈ ਅਜਿਹੇ ਹੋਰ ਲੋਕ ਪੱਖੀ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ, ਖੁਰਾਕ ਤੇ ਸਿਵਲ ਸਪਲਾਈ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ, ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਤੇ ਹੋਰ ਵੀ ਹਾਜ਼ਰ ਸਨ।
- ਜਗਰਾਓਂ ਸਕੂਲ ਬੱਸ ਹਾਦਸਾ ਮਾਮਲੇ 'ਚ ਪੁਲਿਸ ਦੀ ਕਾਰਵਾਈ, ਹਿਰਾਸਤ 'ਚ ਲਏ ਸਕੂਲ ਪ੍ਰਿੰਸੀਪਲ ਅਤੇ ਬੱਸ ਡਰਾਈਵਰ - SCHOOL BUS ACCIDENT UPDATE
- ਖੁਸ਼ਖਬਰੀ...ਸ਼ਿਕਾਇਤ ਨਿਵਾਰਣ ਰੈਂਕਿੰਗ ਵਿੱਚ ਪੰਜਾਬ ਦੇਸ਼ ਭਰ ‘ਚੋਂ ਮੋਹਰੀ, ਅਮਨ ਅਰੋੜਾ ਨੇ ਕੀਤਾ ਖੁਲਾਸਾ - Grievance Redressal Ranking
- ਬੇਅਦਬੀ ਮਾਮਲੇ ’ਚ ਸ਼੍ਰੋਮਣੀ ਕਮੇਟੀ ਵਿਰੁੱਧ ਸਾਬਕਾ ਆਈਜੀ ਖੱਟੜਾ ਦੀ ਬਿਆਨਬਾਜ਼ੀ ਗੁੰਮਰਾਹਕੁੰਨ ਤੇ ਤੱਥਹੀਣ: ਸ਼੍ਰੋਮਣੀ ਕਮੇਟੀ - Beadbi Case Closure Report