ਬਰਨਾਲਾ: ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਦੌਰਾਨ ਸੰਸਦ ਮੈਂਬਰ ਮੀਤ ਹੇਅਰ ਦੀ ਕੋਠੀ ਵੱਖ-ਵੱਖ ਜੱਥੇਬੰਦੀਆਂ ਲਈ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣ ਗਈ ਹੈ। ਅੱਜ ਮੀਤ ਹੇਅਰ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਪਹੁੰਚੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਤੇ ਪੁਲਿਸ ਦਰਮਿਆਨ ਖ਼ੂਬ ਧੱਕਾਮੁੱਕੀ ਹੋਈ। ਇਸ ਦੌਰਾਨ ਅਧਿਆਪਕਾ ਨੇ ਪੁਲਿਸ ਦੇ ਬੈਰੀਕੇਟ ਪੁੱਟ ਸੁੱਟੇ। ਪੁਲਿਸ ਨਾਲ ਧੱਕਾਮੁੱਕੀ ਦੌਰਾਨ ਇੱਕ ਅਧਿਆਪਕਾ ਵੀ ਜ਼ਖ਼ਮੀ ਹੋ ਗਈ।
ਅਧਿਆਪਕਾਂ ਤੇ ਹੱਕ ਵਿੱਚ ਕਿਸਾਨ ਜੱਥੇਬੰਦੀਆਂ ਵੀ ਆਈਆਂ
ਉਥੇ ਅਧਿਆਪਕਾਂ ਤੇ ਹੱਕ ਵਿੱਚ ਕਿਸਾਨ ਜੱਥੇਬੰਦੀਆਂ ਵੀ ਆ ਗਈਆਂ, ਜਿਹਨਾਂ ਵਲੋਂ ਅਧਿਆਪਕਾਂ ਨਾਲ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀ ਜ਼ਖ਼ਮੀ ਅਧਿਆਪਕਾ ਸੁਖਦੀਪ ਕੌਰ ਸਰ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਜਿਸ ਤਹਿਤ ਅੱਜ ਐਮਪੀ ਮੀਤ ਹੇਅਰ ਦੀ ਕੋਠੀ ਅੱਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਜਿਸ ਦੌਰਾਨ ਉਹ ਬੈਰੀਕੇਟ ਤੋੜ ਕੇ ਐਮਪੀ ਦੀ ਕੋਠੀ ਅੱਗੇ ਆਏ ਹਨ। ਜਿਸ ਦੌਰਾਨ ਉਹਨਾਂ ਨਾਲ ਧੱਕਾਮੁੱਕੀ ਹੋਈ ਹੈ। ਜਿਸ ਦੌਰਾਨ ਉਸਦੇ ਸੱਟ ਵੀ ਲੱਗੀ ਹੈ। ਉਹਨਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਸਾਡੀ ਗੱਲ ਸੁਨਣ ਦੀ ਬਿਜਾਏ ਸਾਡੇ ਨਾਲ ਹੀ ਧੱਕਾ ਕਰ ਰਹੀ ਹੈ।
ਸਾਡੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ
ਉਥੇ ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਦਰਸ਼ ਸਕੂਲਾਂ ਵਿੱਚ ਨੌਕਰੀ ਕਰ ਰਹੇ ਹਨ ਅਤੇ ਨਿਗੂਣੀਆਂ ਤਨਖ਼ਾਹਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਸ ਸਬੰਧੀ ਉਹਨਾਂ ਦੀਆਂ ਬਹੁਤ ਮੀਟਿੰਗਾਂ ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦੀ ਪਤਨੀ ਨਾਲ ਹੋ ਚੁੱਕੀਆਂ ਹਨ। ਹਰ ਵਾਰ ਸਿੱਖਿਆ ਮੰਤਰੀ ਸਾਨੂੰ ਸਾਡੇ ਮਾਮਲੇ ਦੀਆਂ ਫ਼ਾਈਲਾਂ ਮੁੱਖ ਮੰਤਰੀ ਦੇ ਟੇਬਲ ਉਪਰ ਹੋਣ ਦੀ ਗੱਲ ਕਹਿ ਕੇ ਸਾਰ ਦਿੰਦੇ ਹਨ, ਪਰ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ।
ਅਧਿਆਪਕਾਂ ਦੇ ਨਾਲ ਪੁਲਿਸ ਵਲੋਂ ਹੋਈ ਧੱਕਾਮੁੱਕੀ ਦੌਰਾਨ ਸੱਟਾਂ ਵੀ ਲੱਗੀਆਂ
ਉਹਨਾਂ ਕਿਹਾ ਕਿ ਤਿੰਨ ਸਾਲਾਂ ਤੋਂ ਗ੍ਰੇ-ਪੇ ਦੀ ਸਾਡੀ ਫ਼ਾਈਲ ਮੁੱਖ ਮੰਤਰੀ ਦੇ ਟੇਬਲ ਉਪਰ ਲਟਕ ਰਹੀ ਹੈ। ਉਹਨਾਂ ਕਿਹਾ ਕਿ ਦਰਜ਼ਾ ਤਿੰਨ ਜਾਂ ਅਧਿਆਪਕਾਂ ਦੀਆਂ ਦੀਆਂ ਤਨਖਾਹਾਂ ਸਿਰਫ਼ 10-12 ਹਜ਼ਾਰ ਹਨ, ਜਿਸ ਨਾਲ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਗੁਜ਼ਾਰਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਕੂਲ ਆਫ਼ ਐਂਮੀਨੈਂਸ ਅਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਲਿਆ ਰਹੇ ਹਨ, ਪਰ ਸਾਡੇ ਆਦਰਸ਼ ਸਕੂਲਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ।
ਉਹਨਾਂ ਕਿਹਾ ਕਿ ਅੱਜ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਅੱਗੇ ਉਹਨਾਂ ਦੇ ਅਧਿਆਪਕਾਂ ਦੇ ਨਾਲ ਪੁਲਿਸ ਵਲੋਂ ਧੱਕਾਮੁੱਕੀ ਦੌਰਾਨ ਸੱਟਾਂ ਵੀ ਲੱਗੀਆਂ ਹਨ। ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ। ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੇ ਪੇ-ਗ੍ਰੇਡ ਲਗਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਵਾਲੀ ਮੌਕੇ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਦੀਵਲੀ ਗਿਫ਼ਤ ਹੀ ਦੇ ਦੇਵੇ।