ਅੰਮ੍ਰਿਤਸਰ: ਅਜੋਕੇ ਦੌਰ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਕਈ ਪਿੰਡਾਂ ਦੇ ਲੋਕ ਆਪਣੇ ਦੁਨਿਆਵੀ ਘਰ ਤੋਂ ਬਾਅਦ ਸੱਚਾ ਘਰ, ਸ਼ਿਵਪੁਰੀ, ਸ਼ਮਸ਼ਾਨ ਘਾਟ ਜਾਂ ਫਿਰ ਕਬਰਿਸਤਾਨ ਕਹੇ ਜਾਣ ਵਾਲੇ ਸਥਾਨ ਨੂੰ ਸਾਫ ਸੁਥਰਾ ਰੱਖਣ ਅਤੇ ਇਸ ਦੇ ਨਾਲ ਹੀ ਉੱਥੇ ਬੈਠਣ, ਪਾਣੀ ਲਈ ਜਾਂ ਫਿਰ ਸ਼ੈਡ ਦੇ ਪ੍ਰਬੰਧ ਦੇ ਲਈ ਕਈ ਉਪਰਾਲੇ ਕਰਦੇ ਨਜ਼ਰ ਆਉਂਦੇ ਹਨ। ਅੱਜ ਤੁਹਾਨੂੰ ਇੱਕ ਅਜਿਹੇ ਕਬਰਿਸਤਾਨ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਜਿੱਥੇ ਪਹੁੰਚਣ ਦੇ ਲਈ ਕਿਸੇ ਵੀ ਤਰਫ ਤੋਂ ਕੋਈ ਰਾਸਤਾ ਨਹੀਂ ਹੈ।
ਬਿਨਾਂ ਰਸਤੇ ਕਬਰਿਸਤਾਨ: ਜੀ ਹਾਂ ਇਹ ਤਸਵੀਰਾਂ ਜੰਡਿਆਲਾ ਗੁਰੂ ਦੀਆਂ ਹਨ, ਜਿੱਥੇ ਕਬਰਿਸਤਾਨ ਤੱਕ ਪਹੁੰਚਣ ਦੇ ਲਈ ਕੋਈ ਰਾਸਤਾ ਨਹੀਂ ਹੈ। ਅਜਿਹੇ ਵਿੱਚ ਜੇਕਰ ਇਸਾਈ ਭਾਈਚਾਰੇ ਦਾ ਕੋਈ ਵਿਅਕਤੀ ਫੌਤ ਹੋ ਜਾਵੇ ਤਾਂ ਉਸ ਦੇ ਜਨਾਜੇ ਨੂੰ ਕਬਰਿਸਤਾਨ ਤੱਕ ਲੈ ਕੇ ਜਾਣ ਦੇ ਲਈ ਇਹਨਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕਬਰਿਸਤਾਨ ਤੱਕ ਜਾਣ ਦੇ ਲਈ ਕੋਈ ਰਸਤਾ ਨਾ ਹੋਣ ਕਰਕੇ ਕਈ ਵਾਰ ਤਾਂ ਹਾਲਾਤ ਅਜਿਹੇ ਹੋ ਜਾਂਦੇ ਨੇ ਕਿ ਜਨਾਜੇ ਦੇ ਨਾਲ-ਨਾਲ ਜਾ ਰਹੇ ਲੋਕਾਂ ਤੋਂ ਇਲਾਵਾ ਮੋਢਿਆਂ 'ਤੇ ਰੱਖੀ ਫੌਤ ਹੋਏ ਵਿਅਕਤੀ ਦੀ ਮ੍ਰਿਤਕ ਦੇਹ ਵੀ ਖੇਤਾਂ 'ਚ ਚਿੱਕੜ ਹੋਣ ਕਾਰਨ ਡਿੱਗ ਜਾਂਦੀ ਹੈ।
ਬੇਹੱਦ ਪ੍ਰੇਸ਼ਾਨ ਲੋਕ: ਅਜਿਹੇ ਬੇਹੱਦ ਅਤੇ ਦੁਖਦਾਈ ਮਾਹੌਲ ਦੇ ਵਿੱਚ ਜਦੋਂ ਰਸਤਾ ਨਾ ਹੋਣ ਕਾਰਨ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਥੇ ਕਈ ਤਰ੍ਹਾਂ ਦੇ ਵੱਡੇ ਸਵਾਲ ਪੈਦਾ ਹੁੰਦੇ ਹਨ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਇਸਾਈ ਭਾਈਚਾਰੇ ਦੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਫਿਕਰ ਲੱਗ ਜਾਂਦਾ ਹੈ ਕਿ ਜਨਾਜੇ ਨੂੰ ਕਬਰਿਸਤਾਨ ਤੱਕ ਕਿਵੇਂ ਲੈ ਕੇ ਜਾਣਾ ਹੈ ਅਤੇ ਜੇਕਰ ਬਾਰਿਸ਼ ਆਦਿ ਦਾ ਮਾਹੌਲ ਹੋਵੇ ਤਾਂ ਇਹ ਸਮੱਸਿਆ ਉਹਨਾਂ ਲਈ ਹੋਰ ਵੀ ਵੱਡੀ ਹੋ ਜਾਂਦੀ ਹੈ।
ਕਬਰਿਸਤਾਨ ਦੇ ਰਸਤੇ 'ਤੇ ਕਬਜ਼ਾ: ਇਸ ਮੌਕੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਕਬਰਸਤਾਨ ਨੂੰ ਰਸਤਾ ਹੈ ਸੀ ਪਰ ਕਰੀਬ 20-25 ਸਾਲਾਂ ਤੋਂ ਇਹ ਰਸਤਾ ਮਿਲਟਰੀ ਦੀ ਛਾਉਣੀ ਵਿਚ ਆ ਗਿਆ। ਉਹਨਾਂ ਦੱਸਿਆ ਕਿ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਨੇ ਜਾਂ ਖੇਤਾਂ ਵਿੱਚ ਝੋਨੇ ਲੱਗ ਰਿਹਾ ਹੁੰਦਾ ਤਾਂ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ ।
ਸਰਕਾਰ ਤੋਂ ਮੰਗ: ਉਹਨਾਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨਘਾਟ ਲਈ ਰਸਤਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਸ਼ਮਸ਼ਾਨਘਾਟ ਲਈ ਕਿਸੇ ਹੋਰ ਪਾਸੇ ਥਾਂ ਦਿੱਤੀ ਜਾਵੇ ਤਾਂ ਜੋ ਇਸ ਸਮੱਸਿਆ ਤੋਂ ਸਦਾ ਲਈ ਨਿਜਾਤ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲੀਆ ।