ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ। ਉੱਥੇ ਹੀ ਅੱਜ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿੱਚ ਪੁਲਿਸ ਫੋਰਸ ਵੀ ਤੈਨਾਤ ਰਹੀ ਹੈ।
ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੂੰ ਸਨਮਾਨਿਤ ਵੀ ਕੀਤਾ: ਭਾਰੀ ਪੁਲਿਸ ਫੋਰਸ ਦੀ ਤੈਨਾਤੀ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰ ਚੂੜ ਨੇ ਕਿਹਾ ਕਿ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ। ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 1975 ਦੇ ਵਿੱਚ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਏ ਸੀ। ਅਤੇ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਦਰਬਾਰ ਸਾਹਿਬ ਵਿੱਚ ਆਉਣ ਦਾ ਮੌਕਾ ਮਿਲਿਆ ਹੈ।
ਲੋਕ ਐਸਜੀਪੀਸੀ ਖਿਲਾਫ ਅਤੇ ਸਿੱਖ ਧਰਮ ਖਿਲਾਫ ਗਲਤ ਪ੍ਰਚਾਰ ਕਰਦੇ: ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਕਈ ਲੋਕ ਐਸਜੀਪੀਸੀ ਖਿਲਾਫ ਅਤੇ ਸਿੱਖ ਧਰਮ ਖਿਲਾਫ ਗਲਤ ਪ੍ਰਚਾਰ ਕਰਦੇ ਹਨ। ਅਜਿਹੇ ਲੋਕਾਂ ਬਾਰੇ ਜਦੋਂ ਅਸੀਂ ਟਰੇਸ ਵੀ ਕਰ ਲੈਦੇ ਹਾਂ ਅਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ। ਉਨ੍ਹਾਂ ਨੇ ਸ਼ਰਾਰਤੀ ਅੰਸਰਾਂ 'ਤੇ ਕਾਰਵਾਈ ਕਰਵਾਉਣ ਦੇ ਲਈ ਉਨ੍ਹਾਂ ਵੱਲੋਂ ਚੀਫ ਜਸਟਿਸ ਆਫ ਇੰਡੀਆ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।