ਲੁਧਿਆਣਾ : ਪੰਜਾਬ ਜਿਸ ਨੂੰ ਮੇਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਸਮੇਂ ਉੱਤੇ ਅਨੇਕਾਂ ਮੇਲੇ ਲੱਗਦੇ ਹਨ, ਪਰ ਜੇਕਰ ਪ੍ਰਸਿੱਧ ਮੇਲਿਆਂ ਦੀ ਗੱਲ ਕਰੀਏ ਤਾਂ ਛਪਾਰ ਦਾ ਮੇਲਾ ਪਹਿਲੇ ਨੰਬਰ ਉੱਤੇ ਆਉਂਦਾ ਹੈ, ਜੋ ਕਿ ਲੁਧਿਆਣਾ ਦੇ ਛਪਾਰ ਪਿੰਡ ਮੰਡੀ ਅਹਿਮਦਗੜ੍ਹ ਵਿੱਚ ਲੱਗਦਾ ਹੈ। ਵੈਸੇ ਤਾਂ ਇਹ ਮੇਲਾ ਸਿਰਫ ਤਿੰਨ ਦਿਨ ਦਾ ਹੁੰਦਾ ਹੈ ਪਰ ਇਸ ਦੀ ਰੌਣਕ ਇੱਕ ਹਫ਼ਤੇ ਤੱਕ ਨਹੀਂ ਜਾਂਦੀ।
ਹਫ਼ਤੇ ਭਰ ਦਾ ਇਹ ਮੇਲਾ
ਇਸ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਵੱਡੀ ਗਿਣਤੀ ਵਿੱਚ ਲੋਕ ਗੁਗੇ ਪੀਰ ਦੀ ਮਿੱਟੀ ਕੱਢਣ ਲਈ ਇਸ ਮੇਲੇ ਵਿੱਚ ਆਉਂਦੇ ਹਨ । ਪਹਿਲੇ ਤਿੰਨ ਦਿਨ ਮੇਲੇ ਵਿੱਚ ਵੱਡਾ ਇਕੱਠ ਹੁੰਦਾ ਹੈ ਜਿਸ ਦੇ ਚੱਲਦਿਆਂ ਲੋਕ ਆਪਣੇ ਬੱਚਿਆਂ ਅਤੇ ਨਵੇਂ ਵਿਆਹੇ ਜੁੜਿਆਂ ਨੂੰ ਬਾਅਦ ਵਿੱਚ ਵੀ ਲੈ ਕੇ ਆਉਂਦੇ ਹਨ ਜਿਸਦੇ ਚੱਲਦਿਆਂ ਕਈ (Gugga Pir Marhi who is also known as Gogaji) ਹਫ਼ਤਿਆਂ ਤੱਕ ਇਸ ਮੇਲੇ ਦੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਜਿੱਥੇ ਮੇਲੇ ਵਿੱਚ ਵੱਡੇ ਵੱਡੇ ਝੂਲੇ ਖਿੱਚ ਦਾ ਕੇਂਦਰ ਬਣਦੇ ਹਨ। ਉੱਥੇ ਹੀ ਬੱਚਿਆਂ ਦੇ ਲਈ ਲੱਗੀਆਂ ਖਿਡੌਣਿਆਂ ਦੀਆਂ ਦੁਕਾਨਾਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਮਿਠਾਈ ਦੀਆਂ ਦੁਕਾਨਾਂ ਵੀ ਲੁਭਾਉਂਦੀਆਂ ਹਨ।
ਮੇਲੇ ਦਾ ਇਤਿਹਾਸ
ਛਪਾਰ ਮੇਲੇ ਦਾ ਇਤਿਹਾਸ ਬਹੁਤ ਪੁਰਾਣਾ ਹੈ। ਦੱਸਿਆ ਜਾਂਦਾ ਹੈ ਕਿ 1140 ਈਸਵੀਂ ਵਿੱਚ ਮਹਾਰਾਜਾ ਜਗਦੇਵ ਆਪਣੇ ਵੰਸ਼ ਨੂੰ ਸਹਾਇਤਾ ਦੇਣ ਦੇ ਲਈ ਸਿੰਧ ਤੋਂ ਰਾਜਸਥਾਨ ਤੱਕ ਪੁੱਜੇ ਤੇ ਉੱਥੇ ਦੋ ਖਲੀਫਾ ਬੰਸ ਦੀ ਜੜ ਪੁੱਟ ਕੇ ਆਪਣੀ ਛੇਵੀਂ ਪੀੜੀ ਤੱਕ ਜਿਉਂਦੇ ਰਹਿ ਕੇ ਉਨ੍ਹਾਂ ਨੇ ਸਿੰਧ ਵਿੱਚ ਕਰਾਚੀ ਤੱਕ ਯੁੱਧ ਦੀ ਆਗਿਆ ਦਿੰਦੇ ਹੋਏ, ਉਨ੍ਹਾਂ ਦੇ ਪੋਤੇ ਛਾਪਾ ਰਾਏ ਅਤੇ ਬੋਪਾ ਰਾਏ ਨੂੰ ਮਾਲਵੇ ਜ਼ਿਲ੍ਹਾ ਲੁਧਿਆਣਾ ਵਿਖੇ ਛਪਾਰ ਪਿੰਡ ਵਸਾ ਕੇ ਦਿੱਤਾ। ਮੇਲੇ ਉੱਤੇ ਗੁੱਗਾ ਮਾੜ੍ਹੀ ਦੀ ਪੂਜਾ ਕੀਤੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਇਹ ਦੋ ਭਰਾਵਾਂ ਦੀ ਕਹਾਣੀ ਹੈ ਅਤੇ ਇੱਕ ਭਰਾ ਸਰਪ ਸੀ ਅਤੇ ਦੂਜਾ ਭਰਾ ਮਨੁੱਖ ਸੀ ਅਤੇ ਦੋਵਾਂ ਦਾ ਬਹੁਤ ਪਿਆਰ ਸੀ। ਇੱਕ ਵਾਰ ਦੀ ਗੱਲ ਹੈ ਜਦੋਂ ਇੱਕ ਭਰਾ ਧੁੱਪ ਦੇ ਵਿੱਚ ਸੁੱਤਾ ਪਿਆ ਸੀ, ਤਾਂ ਦੂਜੇ ਭਰਾ ਸਰਪ ਨੇ ਉਸ ਦੇ ਚਿਹਰੇ ਉੱਤੇ ਫਨ ਫੈਲਾ ਕੇ ਛਾਅ ਕਰ ਦਿੱਤੀ ਅਤੇ ਲੋਕਾਂ ਨੂੰ ਲੱਗਿਆ ਕਿ ਉਸ ਨੂੰ ਡੰਗਣ ਵਾਲਾ ਹੈ, ਤਾਂ ਲੋਕਾਂ ਨੇ ਉਸ ਨੂੰ ਉਸ ਵੇਲ੍ਹੇ ਹੀ ਮਾਰ ਦਿੱਤਾ ਜਿਸ ਤੋਂ ਬਾਅਦ ਗੂਗਾ ਜ਼ਹਿਰ ਵਲੀ ਦੀ ਇੱਥੇ ਪੂਜਾ ਕੀਤੀ ਜਾਂਦੀ ਹੈ।
ਮਿੱਟੀ ਕੱਢਣ ਦਾ ਰਿਵਾਜ਼
ਕਿਸਾਨ ਵੱਡੀ ਗਿਣਤੀ ਵਿੱਚ ਇਸ ਥਾਂ ਉੱਤੇ ਆ ਕੇ ਮੱਥਾ ਟੇਕਦੇ ਹਨ ਅਤੇ ਆਪਣੇ ਨਾਲ ਕਣਕ ਲੈ ਕੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਕਣਕ ਦੀ ਫਸਲ ਬੀਜਣ ਤੋਂ ਪਹਿਲਾਂ ਇੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕਣ ਲਈ ਪੰਜਾਬ ਭਰ ਤੋਂ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਸ ਥਾਂ ਉੱਤੇ ਆ ਕੇ ਕਣਕ ਦੇ ਵਿੱਚੋਂ ਮਿੱਟੀ ਕੱਢੀ ਜਾਵੇ ਤਾਂ ਫਿਰ ਜਦੋਂ ਵਾਢੀ ਹੁੰਦੀ ਹੈ ਅਤੇ ਫਿਰ ਜਦੋਂ ਕਣਕ ਬੀਜੀ ਜਾਂਦੀ ਹੈ, ਤਾਂ ਖੇਤਾਂ ਦੇ ਵਿੱਚ ਸੱਪ ਤੁਹਾਨੂੰ ਤੰਗ ਨਹੀਂ ਕਰਦੇ ਅਤੇ ਨਾ ਹੀ ਤੁਹਾਡੇ ਸਾਹਮਣੇ ਆਉਂਦੇ ਹਨ ਤੇ ਨਾ ਹੀ ਤੁਹਾਨੂੰ ਡੰਗ ਮਾਰਦੇ ਹਨ। ਲੋਕਾਂ ਨੇ ਦੱਸਿਆ ਕਿ ਇਹ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਸਾਡੇ ਵੱਡ ਵਡੇਰੇ ਵੀ ਇਸ ਨੂੰ ਮੰਨਦੇ ਰਹੇ ਹਨ।
ਮੇਲੇ ਦੀਆਂ ਰੌਣਕਾਂ
ਬੇਸ਼ੱਕ ਇਸ ਮੇਲੇ ਵਿੱਚ ਪਕੌੜੇ ਬਰਫੀ ਜਾਂ ਫਿਰ ਹਰ ਤਰ੍ਹਾਂ ਦੀ ਮਿਠਿਆਈ ਮਿਲਦੀ ਹੈ, ਪਰ ਖਜਲਾ ਇਸ ਮੇਲੇ ਦੀ ਖਾਸ ਮਿਠਿਆਈ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਲੋਕ ਚਾਂਦੀ ਦੇ ਬਣੇ ਸੱਪਾਂ ਦੇ ਜੋੜੇ ਜਾਂ ਫਿਰ ਸ਼ਰਧਾ ਮੁਤਾਬਿਕ ਹੋਰ ਕਈ ਚੀਜ਼ਾਂ ਚੜਾਉਂਦੇ ਹਨ । ਜਿੱਥੇ ਖਾਣ ਪੀਣ ਲਈ ਵੱਖ-ਵੱਖ ਦੁਕਾਨਾਂ ਮੇਲੇ ਵਿੱਚ ਸਜੀਆਂ ਹੁੰਦੀਆਂ ਹਨ, ਉੱਥੇ ਹੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਜਾਂਦਾ ਹੈ । ਇਸ ਲੰਗਰ ਵਿੱਚ ਹਰ ਤਰ੍ਹਾਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਚਾਹੇ ਪੂੜੀਆਂ ਛੋਲੇ ਜਾਂ ਫਿਰ ਜਲੇਬੀਆਂ ਆਦਿ ਦੀ ਗੱਲ ਹੋਵੇ ਜਾਂ ਫਿਰ ਫਾਸਟ ਫੂਡ ਹੀ ਕਿਉ ਨਾ ਹੋਵੇ। ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਇੱਥੇ ਪਹੁੰਚਦੇ ਹਨ।
ਸੰਗਤ ਲਈ ਪ੍ਰਬੰਧ
ਮੇਲੇ ਦੇ ਪ੍ਰਬੰਧਕਾਂ ਵੱਲੋਂ ਵੀ ਮੇਲੇ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਜੱਸਾ ਜੋਗੀ ਨੇ ਦੱਸਿਆ ਕਿ ਇਹ ਮੇਲਾ ਤਕਰੀਬਨ 1100 ਸਾਲ ਪੁਰਾਣਾ ਹੈ । ਇਸ ਥਾਂ ਦੀ ਬਹੁਤ ਮਾਨਤਾ ਹੈ। ਲੋਕ ਦਿਲ ਵਿੱਚ ਜੋ ਵੀ ਖਵਾਹਿਸ਼ ਲੈ ਕੇ ਇਸ ਜਗ੍ਹਾ ਉੱਤੇ ਪਹੁੰਚਦੇ ਹਨ, ਉਨ੍ਹਾਂ ਦੀ ਉਹ ਖਵਾਹਿਸ਼ ਪੂਰੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾ ਉੱਪਰ ਗੁਗੇ ਪੀਰ ਦੀ ਖਾਸ ਜਗ੍ਹਾ ਬਣੀ ਹੋਈ ਹੈ। ਜਿੱਥੇ ਲੋਕੀ ਵਿਸ਼ੇਸ਼ ਤੌਰ ਉੱਤੇ ਇੱਥੇ ਨਤਮਸਤਕ ਹੁੰਦੇ ਹਨ ਅਤੇ ਚੌਂਕੀ ਭਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਮੁੱਖ ਪ੍ਰਬੰਧਕ ਬਾਬਾ ਹੈਪੀ ਜੀ ਹਨ, ਇਨ੍ਹਾਂ ਵੱਲੋਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਬੇਸ਼ੱਕ ਉਨ੍ਹਾਂ ਨੇ ਕਿਹਾ ਕਿ ਹੁਣ ਮੇਲਿਆਂ ਦਾ ਰੂਪ ਜਰੂਰ ਬਦਲਦਾ ਜਾ ਰਿਹਾ। ਕੁਝ ਲੋਕ ਇਸ ਨੂੰ ਮੇਲੇ ਵਜੋਂ ਮੌਜ ਮਸਤੀ ਵਾਸਤੇ ਵੀ ਮੰਨਣ ਲਈ ਆਉਂਦੇ ਹਨ, ਪਰ ਇਸ ਥਾਂ ਦੀ ਆਸਥਾ ਬਣੀ ਹੋਈ ਹੈ, ਜੋ ਲੋਕਾਂ ਦੀਆਂ ਖਵਾਹਿਸ਼ਾਂ ਪੂਰੀ ਕਰਦੀ ਹੈ।