ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੱਲਦੇ ਜਿਥੇ ਸਿਆਸੀ ਪਿੜ ਭੱਖ ਚੁੱਕਿਆ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ। ਜਿਸ ਦੇ ਚੱਲਦਿਆਂ ਬਸਪਾ ਪੰਜਾਬ ਵਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਲਈ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਜਸਵੀਰ ਸਿੰਘ ਗੜ੍ਹੀ ਨੂੰ ਐਲਾਨਿਆ ਉਮੀਦਵਾਰ: ਇਸ ਸਬੰਧੀ ਬਹੁਜਨ ਸਮਾਜ ਪਾਰਟੀ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਇਸ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ 13 ਉਮੀਦਵਾਰ ਪੰਜਾਬ ਵਿੱਚ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਸਾਰੀਆਂ ਸੀਟਾਂ ਤੋਂ ਉਤਾਰੇ ਉਮੀਦਵਾਰ: ਇਸ ਦੇ ਨਾਲ ਹੀ ਬੈਨੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 13 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ। ਇਸ ਵਿੱਚ ਪਹਿਲਾਂ ਘੋਸ਼ਿਤ ਕੀਤੇ ਗਏ 12 ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ਼, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ, ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮੈਹਤੋਂ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ, ਲੁਧਿਆਣਾ ਤੋਂ ਦਵਿੰਦਰ ਸਿੰਘ ਪਨੇਸਰ ਰਾਮਗੜੀਆ, ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਅਤੇ ਖਡੂਰ ਸਾਹਿਬ ਤੋਂ ਇੰਜੀ. ਸਤਨਾਮ ਸਿੰਘ ਤੁੜ ਪ੍ਰਮੁੱਖ ਹਨ।
ਇਤਿਹਾਸ ਸਿਰਜਣ ਦੀ ਮਿਲੀ ਜਿੰਮੇਵਾਰੀ-ਗੜ੍ਹੀ: ਜਸਵੀਰ ਸਿੰਘ ਗੜ੍ਹੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਇਤਿਹਾਸਿਕ ਭੂਮੀ ਹੈ, ਜਿਸ ਵਿੱਚ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੀ ਜਨਮ ਭੂਮੀ ਤੇ ਕਰਮ ਭੂਮੀ ਰੂਪਨਗਰ ਆਉਂਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ, ਖਾਲਸਾ ਪੰਥ ਦੀ ਸਾਜਨਾ ਭੂਮੀ ਸ੍ਰੀ ਅਨੰਦਪੁਰ ਸਾਹਿਬ, ਗਰੀਬ ਦਲਿਤ ਸਿੱਖ ਦੇ ਸਿਰ 'ਤੇ ਕਲਗੀ ਲਗਾਉਣ ਦੀ ਧਰਤੀ ਸ੍ਰੀ ਚਮਕੌਰ ਸਾਹਿਬ, ਮਨੂੰਵਾਦ ਦੀ ਪਹਾੜੀ ਰਾਜਿਆਂ ਦੀ ਸੋਚ ਨਾਲ ਲੜਨ ਵਾਲੇ ਗਰੀਬ ਭਾਈ ਬਚਿੱਤਰ ਸਿੰਘ ਦੀ ਧਰਤੀ, ਬਰਤਾਨੀਆ ਦੀ ਗੋਰੀ ਸਰਕਾਰ ਦੇ ਬੋਲੇ ਕੰਨ ਖੋਲ੍ਹਣ ਵਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਧਰਤੀ, ਆਦਿ ਧਰਮ ਅੰਦੋਲਨ ਦੇ ਬਾਨੀ ਬਾਬੂ ਮੰਗੂਰਾਮ ਮੰਗੋਵਾਲ ਦੀ ਧਰਤੀ, ਸੂਬਾ ਸਰਹਿੰਦ ਦੀ ਅਲਖ ਮੁਕਾਉਣ ਵਾਲੇ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਚੱਪੜਚਿੜੀ ਦੀ ਧਰਤੀ, ਗਿਆਨੀ ਦਿੱਤ ਸਿੰਘ ਜੀ ਦੀ ਕਰਮ ਭੂਮੀ ਅਤੇ ਗਦਰ ਲਹਿਰ ਤੋਂ ਬਾਅਦ ਪੰਜਾਬ ਵਿੱਚ ਗੋਰੀ ਸਰਕਾਰ ਖਿਲਾਫ ਚੱਲਦੀ ਬੱਬਰ ਅੰਦੋਲਨ ਦੀ ਭੂਮੀ ਨਵਾਂਸ਼ਹਿਰ ਇਸ ਖਿੱਤੇ ਵਿੱਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੁਮਾਰੀ ਮਾਇਆਵਤੀ ਜੀ ਨੇ ਇਸ ਲੋਕ ਸਭਾ ਤੋਂ ਚੋਣ ਲੜਨ ਦੀ ਜਿੰਮੇਵਾਰੀ ਦੇ ਕੇ ਇਸ ਇਤਿਹਾਸਿਕ ਭੂਮੀ 'ਤੇ ਇਤਿਹਾਸ ਸਿਰਜਣ ਦੀ ਜੋ ਜਿੰਮੇਵਾਰੀ ਦਿੱਤੀ ਹੈ, ਉਸ ਨੂੰ ਉਨ੍ਹਾਂ ਵਲੋਂ ਤਨਦੇਹੀ ਨਾਲ ਪੂਰਾ ਕਰਕੇ ਪਾਰਟੀ ਨੂੰ ਜੇਤੂ ਬਣਾਇਆ ਜਾਏਗਾ।
- ਪਾਰਟੀ ਛੱਡਣ ਤੋਂ ਬਾਅਦ ਖੁੱਲ੍ਹ ਕੇ ਬੋਲੇ ਤਲਬੀਰ ਗਿੱਲ ਕਿਹਾ- 'ਬਿਕਰਮ ਮਜੀਠੀਆ ਤੋਂ ਦੁਖੀ ਹੋ ਕੇ ਲਿਆ ਫੈਸਲਾ' - talbir singh gill target majithia
- ਰੌਂਗੜੇ ਖੜੇ ਕਰਨ ਵਾਲੀ ਵਾਰਦਾਤ: ਮੰਦਿਰ ਦੇ ਪੁਜਾਰੀਆਂ ਨੇ ਨੌਜਵਾਨ ਦਾ ਕੀਤਾ ਕਤਲ, ਹਵਨਕੁੰਡ ਹੇਠਾਂ ਦੱਬੀ ਲਾਸ਼ - Murder of youth in temple of Dhuri
- ਲੋਧੀਪੁਰ ਖੇਤਾਂ ਵਿਚ ਲੱਗੀ ਅੱਗ: ਢਾਈ ਤਿੰਨ ਕਨਾਲ ਖੜ੍ਹੀ ਕਣਕ ਦੀ ਫਸਲ ਸੜ ਕੇ ਹੋਈ ਸਵਾਹ - Wheat caught fire in Rupnagar