ਅੰਮ੍ਰਿਤਸਰ: ਇਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਇੱਕ ਹੋਰ ਪੁਲਿਸ ਥਾਣੇ ਕੋਲ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਨੁਕਸਾਨੀਆਂ ਗਈਆਂ। ਦੂਜੇ ਪਾਸੇ, ਮੌਕੇ ਉੱਤੇ ਉਸ ਸਮੇ ਮੌਜੂਦ ਪੁਲਿਸ ਅਧਿਕਾਰੀ ਪਹਿਲਾਂ ਇਸ ਧਮਾਕੇ ਹੋਣ ਦੇ ਮਾਮਲੇ ਤੋਂ ਭੱਜਦੇ ਨਜ਼ਰ ਆਏ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੂਚਨਾ ਮਿਲਣ ਮਗਰੋਂ ਥਾਣੇ ਪਹੁੰਚ ਕੇ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ।
ਇਸਲਾਮਾਬਾਦ ਥਾਣੇ ਕੋਲ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ
ਸਥਾਨਕ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਡਾ ਥਾਣਾ ਇਸਲਾਮਾਬਾਦ ਇਲਾਕਾ ਹੈ। ਰਾਤ ਕਰੀਬ 3 ਕੁ ਵਜੇ ਦੇ ਕਰੀਬ ਜ਼ਬਰਦਸਤ ਧਮਾਕਾ ਹੋਇਆ ਜਿਸ ਨੂੰ ਸੁਣ ਕੇ ਸਾਰੇ ਲੋਕ ਬਾਹਰ ਇੱਕਠੇ ਹੋ ਗਏ। ਲੋਕਾਂ ਨੇ ਦੱਸਿਆ ਕਿ ਅਸੀ ਬਾਹਰ ਆ ਕੇ ਦੇਖਿਆ, ਤਾਂ ਸਾਨੂੰ ਕੁਝ ਸਮਝ ਨਹੀ ਆਇਆ। ਇਹ ਬੰਬਨੁਮਾ ਧਮਾਕੇ ਵਰਗੀ ਜ਼ੋਰਦਾਰ ਆਵਾਜ਼ ਸੀ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਥਾਣਾ ਇਸਲਾਮਾਬਾਦ ਧਮਾਕੇ ਦੀ ਜਿੰਮੇਵਾਰੀ ਗੈਂਗਸਟਰ ਜੀਵਨ ਫੌਜੀ ਨੇ ਲਈ ਹੈ। ਉਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਸ ਸਬੰਧੀ ਪੋਸਟ ਵੀ ਪਾਈ ਗਈ ਹੈ।
ਅੱਜ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਠਾਣੇ ਵਿੱਚ ਸੁੱਟੇ ਗਏ ਗ੍ਰਨੇਡ ਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਆ। ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਗਿਆ ਜੋ ਇਹਨਾ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਤੇ ਜੋ ਇਹ ਅੱਗੇ ਕਰਨਗੇ ਉਸ ਦਾ ਜਵਾਬ ਏਦਾ ਮਿਲੂ। ਜੇ ਇਸ ਵਰਦੀ ਨੇ ਸਿੱਖਾਂ ਦੇ ਘਰ ਛਡਵਾਏ ਤਾਂ ਘਰ ਇਹਨਾ ਦੇ ਵੀ ਨਹੀਂ ਰਹਿਣੇ। ਜਿੰਨਾ ਠਾਣਿਆਂ ਦੀਆਂ ਕੱਧਾਂ ਉੱਚੀਆਂ ਕਰਵਾਈਆਂ ਗਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲੂਗਾ। ਬਾਕੀ ਰਹੀ ਗੱਲ ਪੱਗਾਂ ਨੂੰ ਲਾਹੁਣ ਦਾ ਸ਼ੋਕ ਇਹਨਾਂ ਨੂੰ, ਜਿਹੜਾ ਪੁਲਿਸ ਵਾਲਾ ਹੁਣ ਸਿੱਖ ਦੀ ਪੱਗ ਨੂੰ ਹੱਥ ਪਾਵੇਗਾ ਉਸ ਉੱਤੇ ਵਿਸ਼ੇਸ਼ ਧਿਆਨ ਰੱਖਿਆ ਜਾਊ। ਉਸ ਦੀ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਖੁਦ ਦੀ ਹੋਵੇਗੀ।
ਅਸਲ ਵਿੱਚ ਧਮਾਕਾ ਹੋਇਆ ਕਿੱਥੇ, ਇਸ ਦੀ ਜਾਂਚ ਜਾਰੀ
ਧਮਾਕਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਥਾਣੇ ਦਾ ਜਾਇਜ਼ ਲੈਣ ਪਹੁੰਚੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਗਿਆ ਕਿ ਜਾਂਚ ਕਰ ਰਹੇ ਹਾਂ, ਧਮਾਕੇ ਦੀ ਆਵਾਜ਼ ਦਾ ਪਤਾ ਲੱਗਾ ਹੈ, ਪਰ ਇਹ ਫਿਲਹਾਲ ਨਹੀਂ ਪਤਾ ਚੱਲ ਸਕਿਆ ਕਿ ਧਮਾਕਾ ਹੋਇਆ ਕਿੱਥੇ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ 12 ਦੇ ਕਰੀਬ ਮੁਲਜ਼ਮ ਫੜ੍ਹ ਚੁੱਕੇ ਹਾਂ, ਜੋ ਇੱਕ ਅਮਨ ਖੋਖਰ ਨਾਂਅ ਦਾ ਵਿਅਕਤੀ ਹੈ ਜਿਸ ਨੂੰ ਫੜ੍ਹਨਾ ਬਾਕੀ ਹੈ। ਗੈਂਗਸਟਰਾਂ ਉੱਤੇ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ।
ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਜਲਦ ਹੀ ਉਸ ਨੂੰ ਫੜ ਕੇ ਸਾਰੀ ਜਾਂਚ ਹੋਰ ਕਲੀਅਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅਸੀਂ ਮੀਡੀਆ ਸਾਹਮਣੇ ਪੂਰੀ ਗੱਲ ਨਹੀਂ ਦੱਸ ਸਕਦੇ, ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ।
ਲਗਾਤਾਰ ਅੰਮ੍ਰਿਤਸਰ ਵਿੱਚ ਥਾਣਿਆਂ ਬਾਹਰ ਹੋ ਰਹੇ ਧਮਾਕੇ:-
ਮਜੀਠਾ ਥਾਣੇ ਵਿੱਚ ਧਮਾਕਾ ਹੋਇਆ
4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਹੀ ਮਜੀਠਾ ਥਾਣੇ ਵਿੱਚ ਧਮਾਕਾ ਹੋਇਆ ਸੀ। ਇਸ ਕਾਰਨ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਫਿਰ ਥਾਣੇ 'ਚ ਹੈਂਡ ਗ੍ਰੇਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ’ਤੇ ਮਜੀਠਾ ਦੇ ਡੀਐਸਪੀ ਨੇ ਕਿਹਾ ਸੀ ਕਿ ਪੁਲਿਸ ਮੁਲਾਜ਼ਮ ਦੀ ਸਾਈਕਲ ਦਾ ਟਾਇਰ ਫਟ ਗਿਆ ਸੀ, ਜਿਸ ਕਰਕੇ ਧਮਾਕਾ ਜ਼ੋਰਦਾਰ ਹੋਇਆ।
ਇਸ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਅੱਤਵਾਦੀ ਹੈਪੀ ਪਾਸੀਆਂ ਨੇ ਲਈ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਅਜਿਹੀ ਕਾਰਵਾਈ ਜਾਰੀ ਰਹੇਗੀ।
ਗੁਰਬਖਸ਼ ਚੌਂਕੀ ਵਿੱਚ ਧਮਾਕਾ
28 ਨਵੰਬਰ ਨੂੰ ਅੰਮ੍ਰਿਤਸਰ ਪੁਲੀਸ ਦੀ ਪੁਰਾਣੀ ਚੌਕੀ ਗੁਰਬਖਸ਼ ਨਗਰ ਵਿੱਚ ਧਮਾਕਾ ਹੋਇਆ ਸੀ। ਇੱਥੇ ਵੀ ਹੈਂਡ ਗ੍ਰੇਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਜ਼ਿੰਮੇਵਾਰੀ ਵੀ ਫੇਸਬੁੱਕ ਪੋਸਟ ਰਾਹੀਂ ਲਈ ਗਈ ਸੀ। ਪੰਜਾਬ ਪੁਲਿਸ ਦੀ ਫੋਰੈਂਸਿਕ ਟੀਮ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਉਕਤ ਸਥਾਨ 'ਤੇ ਕਈ ਸ਼ੱਕੀ ਵਸਤੂਆਂ ਮਿਲੀਆਂ ਹਨ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਅਜਨਾਲਾ ਥਾਣੇ ਦੇ ਬਾਹਰ ਮਿਲਿਆ ਸੀ ਆਈਈਡੀ
23-24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਵੀ ਇੱਕ IED ਪਲਾਂਟ ਕੀਤਾ ਗਿਆ ਸੀ ਕਿ ਹਾਲਾਂਕਿ, ਤਕਨੀਕੀ ਖਰਾਬੀ ਕਾਰਨ ਇਹ ਫਟਿਆ ਨਹੀਂ। ਪੁਲਿਸ ਨੂੰ ਸਵੇਰੇ ਇਹ IED ਮਿਲਿਆ ਸੀ। ਇਹ IED ਵੀ ਅੱਤਵਾਦੀ ਹੈਪੀ ਪਾਸੀਆਂ ਅਤੇ ਗੋਪੀ ਨਵਾਂਸ਼ਹਿਰੀਆ ਵੱਲੋਂ ਰੱਖਵਾਇਆ ਗਿਆ ਸੀ। ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਬਾਈਕ 'ਤੇ ਆਏ ਦੋ ਨੌਜਵਾਨਾਂ ਨੂੰ ਥਾਣੇ ਦੇ ਕੋਲ ਆਈਈਡੀ ਅਤੇ ਥਾਣੇ ਦੇ ਗੇਟ 'ਤੇ ਡੇਟੋਨੇਟਰ ਲਗਾਉਂਦੇ ਨਜ਼ਰ ਆਏ ਸੀ।
ਹੁਣ, ਅੱਜ ਥਾਣਾ ਇਸਲਾਮਾਬਾਦ ਵਿੱਖੇ ਰਾਤ ਕਰੀਬ 3 ਵਜੇ ਧਮਾਕਾ ਹੋਣ ਨਾਲ ਲੋਕਾਂ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।