ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਚ ਵੱਖ-ਵੱਖ ਹਲਕਿਆਂ 'ਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਪੱਛਮੀ ਹਲਕੇ ਵਿੱਚ ਕੀਤੀ ਗਈ ਅਕਾਲੀ ਦਲ ਵੱਲੋਂ ਚੁਣਾਵੀ ਰੈਲੀ ਦੇ ਵਿੱਚ ਖਾਸ ਤੌਰ 'ਤੇ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਉਨਾਂ ਨੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਵੋਟ ਕਰਨ ਦੀ ਅਪੀਲ ਕੀਤੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਆਪ ਸਰਕਾਰ ਵੱਲੋਂ ਲੋਕਾਂ ਨਾਲ ਬਹੁਤ ਜ਼ਿਆਦਾ ਝੂਠ ਬੋਲਿਆ ਜਾ ਰਿਹਾ ਹੈ ਅਤੇ ਬਦਲਾਵ ਦੇ ਨਾਮ ਤੇ ਲੋਕਾਂ ਦੇ ਨਾਲ ਸਭ ਤੋਂ ਵੱਡੀ ਠੱਗੀ ਕੀਤੀ ਜਾ ਰਹੀ ਹੈ।
ਆਪ ਉਮੀਦਵਾਰ ਦੀ ਹੋਵੇਗੀ ਜ਼ਮਾਨਤ ਜ਼ਬਤ : ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜੋ ਕਿ ਸਭ ਤੋਂ ਵੱਡਾ ਝੂਠ ਹੈ ਅਗਰ ਅਜਿਹਾ ਹੈ ਤਾਂ ਦੂਸਰੇ ਸੂਬੇ ਵੀ ਪੰਜਾਬ ਤੋਂ ਪਾਣੀ ਮੰਗਣਗੇ ਜਦਕਿ ਪੰਜਾਬ ਦੇ ਕੋਲ ਤਾਂ ਆਪਣਾ ਪਾਣੀ ਪੂਰਾ ਕਰਨ ਜੋਗਾ ਵੀ ਨਹੀਂ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਖੁਦ ਕਹਿ ਰਹੇ ਹਨ ਕਿ ਉਹ ਢਾਈ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਢਾਈ ਲੱਖ ਵੋਟਾਂ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਦੀ ਜਮਾਨਤ ਜ਼ਬਤ ਹੋਵੇਗੀ।
ਨਿਸ਼ਾਨੇ 'ਤੇ ਲਿਆ ਕੁਲਦੀਪ ਧਾਲੀਵਾਲ: ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਤੋਂ ਚਾਰ ਮਹਿਕਮਿਆਂ ਚੋਂ ਤਿੰਨ ਮਹਿਕਮੇ ਵਾਪਸ ਲੈ ਲਏ ਗਏ ਹਨ। ਇਥੋਂ ਪਤਾ ਲੱਗਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਕਿੰਨੇ ਕੁ ਵੱਡੇ ਲੀਡਰ ਹਨ। ਉਹਨਾਂ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਦੀ ਖੁਦ ਦੀ ਕੀਤੀ ਗੱਲ ਹੀ ਸਮਝ ਵਿੱਚ ਨਹੀਂ ਆਉਂਦੀ ਤਾਂ ਸੰਸਦ ਵਿੱਚ ਜਾ ਕੇ ਪੰਜਾਬ ਦਾ ਕਿਹੜਾ ਮੁੱਦਾ ਚੁੱਕਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਸ਼ਰਾਬ ਦੇ ਨਾਲ ਜਿਆਦਾ ਲਗਾਵ ਨਜ਼ਰ ਆਉਂਦਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਵਿੱਚ ਜੇਲ 'ਚ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਪੀ ਕੇ ਰੱਜੇ ਰਹਿੰਦੇ ਹਨ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਵਾਲੇ ਦਿੱਲੀ ਸਰਕਾਰ ਦੀ ਕੈਬਿਨੇਟ ਖੁਦ ਜੇਲ੍ਹ ਵਿੱਚ ਜਾ ਚੁੱਕੀ ਹੈ। ਬਿਕਰਮ ਸਿੰਘ ਮਜੀਠੀਆ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਬਦਲਾਵ ਤੇ ਨਾਮ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।