ਲੁਧਿਆਣਾ: ਪੰਜਾਬ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਤੋਂ ਨਰਾਜ਼ ਕਿਸਾਨ ਵਲੋਂ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਸੀ । ਮੀਟਿੰਗ ਦੀ ਪ੍ਰਧਾਨਗੀ ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ , ਬੂਟਾ ਸਿੰਘ ਬੁਰਜ ਗਿੱਲ ਅਤੇ ਬੋਘ ਸਿੰਘ ਮਾਨਸਾ ਨੇ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ 19 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਦਾ ਮਾਮਲਾ ਹੱਲ ਕਰਨ ਲਈ ਦੋ ਦਿਨ ਦੇ ਦਿੱਤੇ ਭਰੋਸੇ ਮਗਰੋਂ ਹਲਾਤਾਂ ਦਾ ਜਾਇਜ਼ਾ ਲਿਆ ਗਿਆ। ਜਿਸ ਦੇ ਬਦਲੇ ਵਿੱਚ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਾਰ ਦਿਨ ਦੇਣ ਦੀ ਗੱਲ ਕਹੀ ਸੀ ਪਰ ਚਾਰ ਦਿਨ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਲਿਫਟਿੰਗ ਦਾ ਸਹੀ ਪ੍ਰਬੰਧ ਨਹੀਂ ਕਰ ਸਕੀ । ਜਿਸਦੇ ਚੱਲਦਿਆਂ ਅੱਜ ਲੁਧਿਆਣਾ ਵਿਖੇ ਐਸਕੇਐਮ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਲੈ ਗਏ ਹਨ।
ਫਸਲ ਐੱਮ. ਐੱਸ. ਪੀ. ਤੋਂ ਘੱਟ ਵੇਚਣ ਲਈ ਮਜਬੂਰ
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨੋਟ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਦਿਵਾਏ ਗਏ ਭਰੋਸੇ ਦੇ ਬਾਵਜੂਦ ਮੰਡੀਆਂ ਵਿਚ ਖਰੀਦ ਅਤੇ ਲਿਫਟਿੰਗ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ, ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ, ਫਸਲ ’ਤੇ ਕੱਟ ਲਾ ਕੇ ਕਿਸਾਨਾਂ ਨੂੰ ਆਪਣੀ ਫਸਲ ਐੱਮ. ਐੱਸ. ਪੀ. ਤੋਂ ਘੱਟ ਵੇਚਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਮੀਟਿੰਗ ’ਚ ਆਗੂਆਂ ਨੇ ਕਿਸਾਨਾਂ ਦੇ ਮੰਡੀਆਂ ਵਿਚ ਰੁਲਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਮੁਕੰਮਲ ਘਿਰਾਓ
ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕਰਦਿਆਂ ਐਲਾਨ ਕੀਤਾ ਕਿ 25 ਅਕਤੂਬਰ ਨੂੰ ਸੂਬੇ ਭਰ ਵਿਚ ਮੰਡੀਆਂ ਦੇ ਨੇੜੇ ਪ੍ਰਮੁੱਖ ਸੜਕ ਮਾਰਗਾਂ ’ਤੇ 11 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ 29 ਅਕਤੂਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ 11 ਤੋਂ 3 ਵਜੇ ਤੱਕ ਮੁਕੰਮਲ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਡੀ. ਏ. ਪੀ. ਦਾ ਤੁਰੰਤ ਪ੍ਰਬੰਧ ਕਰੇ ਅਤੇ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਨੱਥ ਪਾਵੇ। ਮੋਰਚੇ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਬਾਸਮਤੀ ’ਤੇ ਐੱਮ. ਐੱਸ. ਪੀ. ਦੇ ਕੇ ਬਾਸਮਤੀ ਕਾਸ਼ਤਕਾਰਾਂ ਨੂੰ ਰਾਹਤ ਮੁਹੱਈਆ ਕਰਵਾਏ।
ਕਾਲੇ ਝੰਡੇ ਦਿਖਾਏ ਜਾਣਗੇ
ਦੱਸ ਦੇਈਏ ਕਿ ਇਸ ਮੀਟਿੰਗ ਵਿੱਚ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੋ ਦਿਨ ਮੰਗੇ ਗਏ ਸਨ ਪਰ ਕਿਸਾਨਾਂ ਵੱਲੋਂ ਚਾਰ ਦਿਨ ਦਿੱਤੇ ਗਏ ਸਨ। ਫਿਰ ਵੀ ਪੰਜਾਬ ਸਰਕਾਰ ਲਿਫਟਿੰਗ ਕਰਨ ਜਾਂ ਫਿਰ ਝੋਨੇ ਦੀ ਖਰੀਦ ਵਿੱਚ ਫੇਲ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਖਤ ਐਕਸ਼ਨ ਉਲੀਕਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਧਾਇਕ ਜਾਂ ਮੰਤਰੀ ਮੰਡੀਆਂ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਜਾਂ ਫਿਰ ਉਹਨਾਂ ਦਾ ਕਰਾਓ ਕੀਤਾ ਜਾਵੇਗਾ ਇਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 24 ਤਰੀਕ ਨੂੰ ਧਰਨਾ ਪ੍ਰਦਰਸ਼ਨ ਦਾ ਦਿਨ ਲਈ ਕਿਹਾ ਗਿਆ ਸੀ ਪਰ ਹੁਣ ਇਸ ਨੂੰ ਬਦਲ ਕੇ 25 ਅਕਤੂਬਰ ਕਰ ਦਿੱਤਾ ਗਿਆ ਹੈ। 25 ਅਕਤੂਬਰ ਨੂੰ ਪੰਜਾਬ ਭਰ ਵਿੱਚ ਮੰਡੀਆਂ ਨੇੜੇ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ ਅਤੇ ਜੇਕਰ ਸਰਕਾਰ ਫਿਰ ਵੀ ਫਿਰ ਰਹਿੰਦੀ ਹੈ ਤਾਂ ਹੋਰ ਸਖਤ ਐਕਸ਼ਨ ਉਲੀਕੇ ਜਾਣਗੇ ।