ਮਾਨਸਾ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਬੇਟੇ ਨੂੰ ਜਨਮ ਦੇਣ ਦੀ ਖੁਸ਼ੀ ਵਿੱਚ ਜਿੱਥੇ ਪੂਰੀ ਦੁਨੀਆਂ ਵਿੱਚ ਸਿੱਧੂ ਮੂਸੇ ਵਾਲਾ ਨੂੰ ਚਾਹੁਣ ਵਾਲੇ ਖੁਸ਼ੀ ਜਾਹਿਰ ਕਰ ਰਹੇ ਹਨ ਅਤੇ ਮਾਪਿਆਂ ਨੂੰ ਵਧਾਈ ਭੇਜ ਰਹੇ ਹਨ, ਉਥੇ ਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਭੰਗੜਾ ਟੀਮਾਂ ਵੀ ਪਹੁੰਚ ਕੇ ਢੋਲ ਦੇ ਡਗੇ ਉੱਤੇ ਬੋਲੀਆਂ ਅਤੇ ਭੰਗੜਾ ਪਾ ਰਹੇ ਹਨ। ਨਾਲ ਹੀ, ਸਿੱਧੂ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਔਰਤਾਂ ਵੱਲੋਂ ਗਿੱਧਾ ਪਾ ਕੇ ਵੀ ਖੁਸ਼ੀ ਮਨਾਈ ਜਾ ਰਹੀ ਹੈ।
ਔਰਤਾਂ ਪਾ ਰਹੀਆਂ ਗਿੱਧਾ: 17 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬੇਟੇ ਨੂੰ ਜਨਮ ਦਿੱਤਾ ਗਿਆ ਹੈ ਜਿਸ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਉੱਤੇ ਫੋਟੋ ਪਾ ਕੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਕਰੋੜਾਂ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਗਿਆ ਸੀ, ਤਾਂ ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਕਰੋੜਾਂ ਪ੍ਰਸ਼ੰਸਕ ਖੁਸ਼ੀ ਵਿੱਚ ਨੱਚ ਰਹੇ ਨੇ ਭੰਗੜੇ ਪਾ ਰਹੇ ਹਨ। ਮੂਸਾ ਹਵੇਲੀ ਵਿੱਚ ਜਾ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਲਈ ਭੰਗੜੇ ਅਤੇ ਢੋਲ ਢੱਮਕੇ ਨਾਲ ਬੋਲੀਆਂ ਵੀ ਪਾਈਆਂ ਜਾ ਰਹੀਆਂ ਹਨ।
ਪਿੰਡ ਵਿੱਚ ਵਿਆਹ ਵਰਗਾ ਮਾਹੌਲ: ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ ਅਤੇ ਜਿੱਥੇ ਸਿੱਧੂ ਮੂਸੇ ਵਾਲਾ ਦੇ ਰਿਸ਼ਤੇਦਾਰ ਕਰੀਬੀ ਅਤੇ ਸਿੱਧੂ ਨੂੰ ਚਾਹੁੰਣ ਵਾਲੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਲਗਾਤਾਰ ਹਵੇਲੀ ਵਿੱਚ ਪਹੁੰਚ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ, ਉਥੇ ਹੀ ਭੰਗੜਾ ਟੀਮਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਜਾ ਕੇ ਬੋਲੀਆਂ ਅਤੇ ਭੰਗੜਾ ਢੋਲ ਦੇ ਡਗੇ ਉੱਤੇ ਪਾਇਆ ਜਾ ਰਿਹਾ ਹੈ, ਨਾਲ ਹੀ ਔਰਤਾਂ ਵੱਲੋਂ ਵੀ ਗਿੱਧਾ ਪਾ ਕੇ ਹਵੇਲੀ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਹਰ ਕੋਈ ਨਵੇਂ ਮਹਿਮਾਨ ਦਾ ਸਵਾਗਤ ਕਰਨ ਲਈ ਤਿਆਰ ਬੈਠਾ ਹੈ।
ਮੁੜ ਚਰਨ ਕੌਰ ਦੇ ਵਿਹੜੇ ਪਰਤੀ ਖੁਸ਼ੀ: ਮਾਤਾ ਚਰਨ ਕੌਰ ਨੇ ਬਠਿੰਡਾ ਦੇ ਇੱਕਤ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰ ਰਜਨੀ ਜਿੰਦਲ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਮਾਤਾ ਪ੍ਰੈਗਨੈਂਸੀ ਦੇ ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਸਨ। ਮਾਤਾ ਚਰਨ ਕੌਰ ਵੱਲੋਂ 17 ਤਰੀਕ ਨੂੰ ਪੁੱਤਰ ਨੂੰ ਜਨਮ ਦਿੱਤਾ ਗਿਆ। ਬੱਚਾ ਅਤੇ ਮਾਂ ਦੋਨੇਂ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਮਾਤਾ ਚਰਨ ਕੌਰ ਦੇ ਕੇਸ ਨੂੰ ਬੜਾ ਹੀ ਬਰੀਕੀ ਅਤੇ ਸੋਚ ਸਮਝ ਕੇ ਕਰਨਾ ਪਿਆ ਹੈ। ਜੇਕਰ ਬੱਚੇ ਦੇ ਨਾਮ ਦੀ ਗੱਲ ਕੀਤੀ ਜਾਵੇ, ਤਾਂ ਇਸ ਨੂੰ ਲੈ ਕੇ ਫਿਲਹਾਲ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਚਾਚਾ ਚਮਕੌਰ ਸਿੰਘ ਨੇ ਕਿਹਾ ਕਿ ਬੱਚੇ ਦਾ ਨਾਂਅ ਸ਼ੁੱਭਦੀਪ ਸਿੰਘ ਹੀ ਰੱਖਿਆ ਜਾਵੇਗਾ।