ਬਰਨਾਲਾ: ਆਪਣੇ ਢੰਗ ਨਾਲ ਸਮਾਜ ਭਲਾਈ ਦੇ ਕੰਮ ਕਰਕੇ ਅਤੇ ਠੱਗ ਏਜੰਟਾਂ ਤੋਂ ਪੀੜਤਾਂ ਦੇ ਪੈਸੇ ਦਿਵਾਉਣ ਕਰਕੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਨੌਜਵਾਨ ਆਗੂ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਕਰਨ ਅਤੇ ਉਸ ਵਿਰੁੱਧ ਕਥਿਤ ਤੌਰ 'ਤੇ ਇੱਕ ਤੋਂ ਬਾਅਦ ਇੱਕ ਪਰਚੇ ਦਰਜ ਕਰਨ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਸ ਸਬੰਧੀ ਹੁਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਹਨਾਂ ਨੇ ਭਾਨਾ ਸਿੱਧੂ ਦੇ ਪਿੰਡ ਕੋਟਦੁੰਨਾ ਵਿਖੇ ਰੱਖੇ ਵੱਡੇ ਇਕੱਠ ਦੌਰਾਨ ਕਿਹਾ ਕਿ ਜੇਕਰ ਜਲਦ ਹੀ ਭਾਨਾ ਸਿੱਧੂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ 31 ਜਨਵਰੀ ਨੂੰ ਵੱਡੀ ਇਕੱਠ ਕਰਨਗੇ।
ਨੌਜਵਾਨਾਂ ਨੂੰ ਆਵਾਜ਼ ਨੂੰ ਦਬਾ ਰਹੀ ਹੈ ਸਰਕਾਰ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਨੌਜਵਾਨ ਆਗੂਆਂ ਦੀ ਆਵਾਜ਼ ਦਬਾਉਣ ਲਈ ਪੰਜਾਬ ਸਰਕਾਰ ਝੂਠੇ ਪਰਚੇ ਦਰਜ ਕਰਨਾ ਬੰਦ ਕਰੇ। ਮਾਨ ਨੇ ਕਿਹਾ ਕਿ ਭਾਨਾ ਸਿੱਧੂ ਜੋ ਕਿ ਇੱਕ ਸਮਾਜ ਸੇਵਕ ਹੈ ਅਤੇ ਠੱਗ ਏਜੰਟਾਂ ਤੋਂ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਲਗਾਤਾਰ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ। ਇਸ ਸੇਵਾ ਭਾਵਨਾ ਦੇ ਨਾਲ-ਨਾਲ ਉਸ ਵੱਲੋਂ ਅਕਸਰ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਵਾਅਦਾਖਿਲਾਫੀਆਂ ਅਤੇ ਸਰਕਾਰ ਦੀਆਂ ਨਾਕਾਮੀਆਂ 'ਤੇ ਵੀ ਸਵਾਲ ਉਠਾਏ ਜਾਂਦੇ ਰਹੇ ਹਨ। ਇਸੇ ਕਰਕੇ ਭਾਨਾ ਸਿੱਧੂ ਕਾਫੀ ਸਮੇਂ ਤੋਂ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਭਾਨਾ ਸਿੱਧੂ ਵਾਂਗ ਕੋਈ ਹੋਰ ਨੌਜਵਾਨ ਸਰਕਾਰ ਨੂੰ ਉਸਦੀ ਕਾਰਗੁਜਾਰੀ ਪ੍ਰਤੀ ਸਵਾਲ ਨਾ ਕਰੇ, ਇਸ ਕਰਕੇ ਉਸਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ਼ਾਰੇ 'ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਪਹਿਲਾਂ ਉਸ ਉਪਰ ਬਲੈਕਮੀਲਿੰਗ ਦਾ ਕੇਸ ਪਾਇਆ ਗਿਆ, ਜਦੋਂ ਉਸ ਵਿੱਚੋਂ ਜਮਾਨਤ ਮਿਲ ਗਈ ਤਾਂ ਸਾਜਿਸ਼ ਤਹਿਤ ਉਸਦੇ ਅਕਸ਼ ਨੂੰ ਖਰਾਬ ਕਰਨ ਲਈ ਪਟਿਆਲਾ ਵਿਖੇ ਚੈਨ ਸਨੈਚਿੰਗ ਦਾ ਕੇਸ ਦਰਜ ਕਰਵਾ ਦਿੱਤਾ, ਤਾਂ ਜੋ ਉਹ ਬਾਹਰ ਨਾ ਆ ਸਕੇ।
ਮਾਨ ਸਰਕਾਰ ਨੂੰ ਦਿੱਤੀ ਚਿਤਾਵਨੀ: ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਹ ਕਾਰਗੁਜਾਰੀ ਬੇਹੱਦ ਨਿੰਦਣਯੋਗ ਹੈ। ਪਹਿਲਾਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਸਿੱਖ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਪਾਲ ਸਿੰਘ ਨੂੰ ਝੂਠੇ ਕੇਸ ਪਾ ਕੇ ਡਿਬਰੂਗੜ੍ਹ ਜੇਲ੍ਹ ਅੰਦਰ ਬੰਦ ਕਰ ਦਿੱਤਾ। ਹੁਣ ਭਾਨਾ ਸਿੱਧੂ ਦੀ ਆਵਾਜ਼ ਨੂੰ ਦਬਾਉਣ ਲਈ ਉਸ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੇ ਐਮ.ਪੀ. ਹਲਕੇ ਅਧੀਨ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਹ ਪੂਰਾ ਭਖ ਚੁੱਕਿਆ ਹੈ। ਜੇਕਰ ਪੰਜਾਬ ਸਰਕਾਰ ਨੇ ਭਾਨਾ ਸਿੱਧੂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਲੈ ਕੇ ਉਸ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 31 ਜਨਵਰੀ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਤੋਂ ਨਕਾਬ ਹਟਾਇਆ ਜਾਵੇਗਾ।
ਲੋਕਾਂ ਨੂੰ ਇੱਕਜੁੱਟ ਹੋਣ ਦੀ ਕੀਤੀ ਅਪੀਲ: ਸਾਂਸਦ ਮਾਨ ਨੇ ਕਿਹਾ ਕਿ ਬੇਸ਼ੱਕ 3-4 ਦਿਨਾਂ ਦੇ ਅੰਦਰ ਭਾਨਾ ਸਿੱਧੂ ਨੂੰ ਅਦਾਲਤ ਵੱਲੋਂ ਆਪੇ ਹੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇਗਾ, ਪਰ ਇਸ ਤੋਂ ਚੰਗਾ ਹੈ ਕਿ ਪੰਜਾਬ ਸਰਕਾਰ ਆਪ ਮੁਹਾਰੇ ਭਾਨਾ ਸਿੱਧੂ ਵਿਰੁੱਧ ਦਰਜ ਕੀਤੇ ਝੂਠੇ ਪਰਚੇ ਰੱਦ ਕਰਕੇ ਉਸ ਨੂੰ ਰਿਹਾਅ ਕਰਕੇ ਆਪਣੇ ਅਕਸ਼ ਨੂੰ ਬਚਾ ਲਵੇ। ਉਨ੍ਹਾਂ ਹਾਜ਼ਰ ਸੰਗਤ ਨੂੰ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਇੱਕਜੁਟ ਹੋਣ ਦੀ ਅਪੀਲ ਵੀ ਕੀਤੀ।