ਬਠਿੰਡਾ : ਜ਼ਿਲ੍ਹੇ ਦੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ 3 ਕਰੀਬ ਸਾਲ ਪਹਿਲਾ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਲਗਤਾਰ ਇਨਸਾਫ ਲਈ ਗੁਹਾਰ ਲਗਾਈ ਜਾ ਰਹੀ ਸੀ । ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਬਾਕੀਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।
ਪੁਲਿਸ ਮੁੱਖੀ ਬਠਿੰਡਾ ਨੇ ਜਾਂਚ ਦੇ ਆਦੇਸ ਦਿੱਤੇ
ਰਾਜੇਸ਼ ਸਨੇਹੀ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ 18-19 ਦਸੰਬਰ 2021 ਦੀ ਰਾਤ ਨੂੰ ਪਿੰਡ ਬਹਿਮਣ ਜੱਸਾ ਸਿੰਘ ਦੇ ਜਗਸੀਰ ਸਿੰਘ ਦੀ ਲਾਸ਼ ਸੜਕ ਉੱਤੇ ਮਿਲੀ ਸੀ ਜੋ ਕਿ ਰਿਫਾਈਨਰੀ ਤੋਂ ਕੰਮ ਕਰਕੇ ਵਾਪਸ ਆਇਆ ਸੀ। ਭਾਵੇਂ ਕਿ ਉਸ ਸਮੇਂ ਪੁਲਿਸ ਨੇ 174 ਦੀ ਕਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ 4 ਮਾਰਚ 2022 ਨੂੰ ਧਾਰਾ 304 ਏ ਅਤੇ 279 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਸੀ ਪਰ ਉਸ ਤੋ ਬਾਅਦ ਵੀ ਮ੍ਰਿਤਕ ਜਗਸੀਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੱਲੋ ਉਸ ਦੇ ਪੁੱਤਰ ਦੇ ਕਤਲ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ। ਜਿਸ ਲਈ ਉਸ ਵੱਲੋ ਲਗਤਾਰ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਐਸਪੀ ਤਲਵੰਡੀ ਸਾਬੋ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਜਿਸ 'ਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਮਾਮਲੇ ਦੀ ਗਹਿਰਾਈ ਨਾਲ ਤਫ਼ਤੀਸ਼ ਕੀਤੀ
ਪੜਤਾਲ ਦੌਰਾਨ ਨੋਜਵਾਨ ਦੀ ਮੌਤ ਹਾਦਸਾ ਨਾ ਹੋ ਕੇ ਕਤਲ ਪਾਇਆ ਗਿਆ। ਜਿਸ ਦੌਰਾਨ ਤਲਵੰਡੀ ਸਾਬੋ ਥਾਣਾ ਮੁੱਖੀ ਸਰਬਜੀਤ ਕੌਰ ਅਤੇ ਪੁਲਿਸ ਪਾਰਟੀ ਨੇ ਹੁਣ ਇਸ ਮਾਮਲੇ ਵਿੱਚ ਮੁੱਖ ਕਥਿਤ ਮੁਲਜ਼ਮ ਲੱਖੀ ਸਿੰਘ ਉਰਫ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆਂ ਕਿ ਮਾਮਲੇ ਦੀ ਹੋਰ ਗਹਿਰਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਿਸ ਦੌਰਾਨ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਮਾਮਲੇ ਤੋਂ ਪੜਦਾ ਹਟਾਉਣ ਲਈ ਧੰਨਵਾਦ ਕੀਤਾ
ਉੱਧਰ ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੇ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲਕਾਂਡ ਵਿੱਚ ਉਸ ਦਾ ਸਕਾ ਭਰਾ ਸਾਬਕਾ ਇੰਸਪੈਕਟਰ ਰਾਮਿੰਦਰ ਸਿੰਘ ਸ਼ਾਮਿਲ ਸੀ। ਇਸ ਸ਼ੱਕ ਦੇ ਚਲਦਿਆਂ ਉਸ ਵੱਲੋਂ ਵਾਰ-ਵਾਰ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪੁਲਿਸ ਵੱਲੋਂ ਉਸਦੇ ਪੁੱਤਰ ਦੀ ਮੌਤ ਨੂੰ ਹਾਦਸਾ ਦੱਸਿਆ ਜਾ ਰਿਹਾ ਸੀ। ਉਨ੍ਹਾਂ ਨੇ ਪਹਿਲਾਂ ਪੁਲਿਸ ਵੱਲੋ ਕੋਈ ਸੁਣਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਸਨ। ਉੱਥੇ ਹੀ ਹੁਣ ਮੌਜੂਦਾ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਤੋਂ ਪੜਦਾ ਹਟਾਉਣ ਲਈ ਧੰਨਵਾਦ ਕੀਤਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚਲਦਿਆਂ ਉਸ ਦੇ ਭਰਾ ਵੱਲੋਂ ਆਪਣੇ ਸਕੇ ਭਤੀਜੇ ਨੂੰ ਕਤਲ ਕਰਵਾਇਆ ਗਿਆ ਹੈ।