ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਇੱਕ ਛੋਟੇ ਜਿਤੇ ਪਿੰਡ ਤੋਂ ਉੱਠੇ ਲੌਂਗ ਜੰਪਰ ਨੇ ਨੈਸ਼ਨਲ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤਿਆ ਹੈ। ਸਰਕਾਰੀ ਸਹਿਯੋਗ ਤੋਂ ਹਰ ਤਰ੍ਹਾਂ ਵਾਂਝੇ ਪਿੰਡ ਦੀਵਾਨਾ ਦੇ ਖੇਡ ਮੈਦਾਨ ਦੇ ਐਥਲੀਟ ਨੇ ਆਪਣੀ ਹਿੰਮਤ ਅਤੇ ਹੌਂਸਲੇ ਸਦਕਾ ਇਲਾਕੇ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।
ਅੰਡਰ-16 ਵਰਗ ਵਿੱਚ ਨਵਾਂ ਰਾਸ਼ਟਰੀ ਰਿਕਾਰਡ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਵਿਖੇ 39ਵੀਂ ਰਾਸ਼ਟਰੀ ਓਪਨ ਐਥਲੇਟਿਕਸ ਚੈਂਪੀਅਨਸ਼ਿਪ ਬੀਤੇ ਕੱਲ੍ਹ ਸੰਪੰਨ ਹੋਈ ਹੈ। ਜਿਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਲੌਂਗ ਜੰਪਰ ਅੰਮ੍ਰਿਤਪਾਲ ਸਿੰਘ ਨੇ ਅੰਡਰ-16 ਵਰਗ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤ ਕੇ ਆਪਣੇ ਕੈਰੀਅਰ ਵਿੱਚ ਲੰਬੀ ਛਾਲ ਮਾਰੀ ਹੈ। ਉਸ ਨੇ ਪਿਛਲੇ ਰਾਸ਼ਟਰੀ ਰਿਕਾਰਡ 4.68 ਮੀਟਰ ਨੂੰ ਤੋੜਦਿਆਂ ਨਵਾਂ 4.71 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ ਹੈ।
ਅੰਮ੍ਰਿਤਪਾਲ ਦੀ 10 ਦਿਨਾਂ ਦੂਜੀ ਵੱਡੀ ਪ੍ਰਾਪਤੀ
ਦੱਸ ਦਈਏ ਕਿ ਰਾਸ਼ਟਰੀ ਪੱਧਰ 'ਤੇ ਅੰਮ੍ਰਿਤਪਾਲ ਸਿੰਘ ਦੀ 10 ਦਿਨਾਂ ਦੇ ਅੰਦਰ-ਅੰਦਰ ਇਹ ਦੂਜੀ ਵੱਡੀ ਪ੍ਰਾਪਤੀ ਹੈ। ਕੁੱਝ ਦਿਨ ਪਹਿਲਾਂ ਅੰਡਰ-17 ਵਰਗ ਵਿੱਚ ਲਖਨਊ ਵਿਖੇ ਆਯੋਜਿਤ ਰਾਸ਼ਟਰੀ ਸਕੂਲੀ ਖੇਡਾਂ ਵਿੱਚ ਵੀ ਉਸ ਨੇ ਦੂਜਾ ਸਥਾਨ ਹਾਸਲ ਕੀਤਾ ਸੀ। ਇੱਕ ਸਾਧਾਰਨ ਕਿਰਤੀ ਪਰਿਵਾਰ ਨਾਲ ਸਬੰਧਤ ਅੰਮ੍ਰਿਤਪਾਲ ਪਿਛਲੇ ਢਾਈ ਸਾਲ ਤੋਂ ਲਗਾਤਾਰ ਆਪਣੇ ਪਿੰਡ ਬਿਲਾਸਪੁਰ ਤੋਂ ਪਿੰਡ ਦੀਵਾਨਾ ਦੇ ਖੇਡ ਮੈਦਾਨ ਵਿੱਚ ਕੋਚ ਬਲਕਾਰ ਸਿੰਘ ਦੀ ਦੇਖ-ਰੇਖ ਵਿੱਚ ਪ੍ਰੈਕਟਿਸ ਕਰਦਾ ਆ ਰਿਹਾ ਹੈ। ਬਿਨਾਂ ਕਿਸੇ ਕਿਸੇ ਸਰਕਾਰੀ ਮੱਦਦ ਦੇ ਬਾਵਜੂਦ ਇਸ ਹੋਣਹਾਰ ਖਿਡਾਰੀ ਨੇ ਕਾਫ਼ੀ ਸਮੇਂ ਤੋਂ ਦੀਵਾਨਾ ਖੇਡ ਮੈਦਾਨ ਦੇ ਐਥਲੀਟਾਂ ਦੇ ਵਧੀਆ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਹੈ।
NRI ਭਰਾਵਾਂ ਦੀ ਮਦਦ ਨਾਲ ਚੱਲ ਰਿਹਾ ਖੇਡ ਮੈਦਾਨ
ਜ਼ਿਕਰਯੋਗ ਹੈ ਕਿ ਪਿੰਡ ਦੀਵਾਨਾ ਵਾਸੀਆਂ ਵਲੋਂ ਐਨ.ਆਰ.ਆਈਜ਼ ਦੀ ਮੱਦਦ ਨਾਲ ਪਿਛਲੇ 4 ਸਾਲਾਂ ਤੋਂ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਜਿੱਥੇ ਖਿਡਾਰੀਆਂ ਲਈ ਆਪਣੇ ਪੱਧਰ 'ਤੇ ਕੋਚ, ਡਾਇਟ ਸਮੇਤ ਲੋੜੀਂਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਖੇਡ ਮੈਦਾਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਗਸੀਰ ਸਿੰਘ ਅਤੇ ਵਰਿੰਦਰ ਦੀਵਾਨਾ ਨੇ ਅੰਮ੍ਰਿਤਪਾਲ, ਉਸ ਦੇ ਮਾਪਿਆਂ ਅਤੇ ਸਮੂਹ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦੇ ਅਨੁਸਾਰ ਸਰਕਾਰੀ ਸਹੂਲਤਾਂ ਦੇਵੇ ਤਾਂ ਹੋਰ ਵੀ ਅਨੇਕਾਂ ਖਿਡਾਰੀ ਇਸ ਮੈਦਾਨ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪੁੱਜ ਸਕਦੇ ਹਨ।