ਡੁਮਵਾਲੀ ਬਾਰਡਰ /ਹਰਿਆਣਾ : ਕੇਂਦਰ ਸਰਕਾਰ ਦੀਆਂ ਕਿਸਾਨਾਂ ਨੂੰ ਗੁਮਰਾਹ ਕਰਨ ਵਾਲੀਆਂ ਗ਼ਲਤ ਨੀਤੀਆਂ ਅਤੇ ਕਿਸਾਨਾਂ ਦੀਆਂ ਐਮ ਐਸ ਪੀ ਸਣੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕਿਸਾਨ ਆਗੂ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਉਥੇ ਹੀ ਕੇਂਦਰ ਵੱਲੋਂ ਹਰਿਆਣਾ ਦੇ ਬਾਰਡਰਾਂ ਨੂੰ ਸੀਲ ਕੀਤਾ ਹੋਇਆ ਹੈ ਤਾਂ ਜੋ ਕਿਸਾਨ ਦਿੱਲੀ ਤੱਕ ਨਾ ਪਹੁੰਚ ਸਕਣ। ਉਥੇ ਹੀ ਕਿਸਾਨਾਂ ਨੂੰ ਸਮਰਥਨ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ। ਹਰਿਆਣਾ ਬਾਰਡਰ ਨੇੜੇ ਡੁਮਵਾਲੀ ਖੇਤਰ ਵਿੱਚ ਸਥਾਨਕ ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਆ ਰਹੇ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਹਰ ਲੋੜੀਂਦੀ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ। ਖਾਸ ਕਰਕੇ ਲੰਗਰ ਪ੍ਰਸ਼ਾਦੇ ਲਈ ਪੂਰੀਆਂ ਤਿਆਰੀਆਂ ਹਨ ਤਾਂ ਜੋ ਕਿਸਾਨ ਦੂਰੋਂ ਦੂਰੋਂ ਆਉਂਦੇ ਹਨ ਉਹ ਭੁੱਖੇ ਨਾ ਰਹਿਣ।
ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹਰਿਆਣਾ ਵਾਲੇ: ਇਸ ਮੌਕੇ ਟੀਵੀ ਭਾਰਤ ਦੀ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮਹਿਲਾ ਕਿਸਾਨ ਵੱਲੋਂ ਪੰਜਾਬ ਦੇ ਹਰ ਕਿਸਾਨ ਅਤੇ ਕਿਸਾਨ ਸਮਰਥਕਾਂ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਦੀ ਗੱਲ ਕੀਤੀ ਅਤੇ ਉਹਨਾਂ ਕਿਹਾ ਕਿ ਇਸ ਅੰਦੋਲਨ ਵਿੱਚ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਬਲਕਿ ਆਮ ਲੋਕਾਂ ਦੀ ਹੈ। ਜਿੰਨਾ ਵੱਲੋਂ ਕਿਸਾਨਾਂ ਦੇ ਨਾਲ ਹਰ ਮੌਕੇ ਖੜ੍ਹੇ ਹੋ ਕੇ ਸਾਥ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਟਰੈਕਟਰ ਟਰਾਲੀ ਨਾਲ ਭਾਰੀ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ, ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਵੱਖ ਵੱਖ ਥਾਵਾਂ ਉੱਤੇ ਖੜ੍ਹੇ ਹੋ ਕੇ ਸਾਰੀ ਰਣਨੀਤੀ ਘੜੀ ਫਿਰ ਦਿੱਲੀ ਵੱਲ ਕੂਚ ਕੀਤਾ।
ਡਰੋਨ ਜ਼ਰੀਏ ਨਜ਼ਰ ਰੱਖ ਰਹੇ ਕੇਂਦਰ ਵਾਲੇ : ਦੱਸਣਯੋਗ ਹੈ ਕਿ ਕਿਸਾਨਾਂ ਉੱਤੇ ਨਜ਼ਰ ਰੱਖਣ ਲਈ ਹਰਿਆਣਾ ਪੁਲਿਸ ਡਰੋਨ ਦਾ ਇਸਤੇਮਾਲ ਕਰ ਰਹੀ ਹੈ। ਪੁਲਿਸ ਵੱਲੋਂ ਡਰੋਨ ਨਾਲ ਦੂਰ-ਦਰਾਡੇ ਤੋਂ ਆ ਰਹੇ ਕਿਸਾਨਾਂ ਉੱਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਭਾਵੇਂ ਬਾਰਡਰ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਡੱਕਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਰਡਰ ਉੱਤੇ ਹੀ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਲਈ ਰਾਸ਼ਣ ਲੈਕੇ ਪਹੁੰਚੇ ਹਨ। ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਉਨ੍ਹਾਂ ਦਾ ਵੱਡਾ ਭਰਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਉਹ ਕਿਸੇ ਵੀ ਕੀਮਤ ਉੱਤੇ ਦਿੱਲੀ ਪਹੁੰਚਾਉਣਗੇ।
- ਹਰਿਆਣਾ ਦੇ ਬਾਰਡਰਾਂ ਉੱਤੇ ਖੱਟਰ ਸਰਕਾਰ ਦੀ ਕਾਰਵਾਈ ਦਾ ਮਾਮਲਾ ਪਹੁੰਚਿਆ ਹਾਈਕੋਰਟ, ਅੱਜ ਹੋਵੇਗੀ ਸੁਣਵਾਈ
- ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਚੰਡੀਗੜ੍ਹ 'ਚ ਪ੍ਰਸ਼ਾਸਨ ਨੇ ਸਕੂਲਾਂ 'ਚ ਕੀਤੀ ਛੁੱਟੀ, ਸੁਰੱਖਿਆ ਦਾ ਦਿੱਤਾ ਹਵਾਲਾ
- ਦਿੱਲੀ ਵੱਲ ਵਧ ਰਿਹੈ ਕਿਸਾਨਾਂ ਦਾ ਕਾਫਲਾ; ਦਿੱਲੀ ਸਰਕਾਰ ਦਾ ਕਿਸਾਨਾਂ ਨੂੰ ਸਮਰਥਨ, ਸ਼ੰਭੂ ਬਾਰਡਰ 'ਤੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ
ਇੰਟਰਨੈੱਟ ਸੇਵਾ ਠੱਪ: ਜ਼ਿਕਰਯੋਗ ਹੈ ਕਿ ਜਿਵੇਂ ਜਿਵੇਂ ਅੱਜ ਦੀ ਤਰੀਕ ਨੇੜੇ ਆ ਰਹੀ ਸੀ ਉਵੇਂ ਹੀ ਕੇਂਦਰ ਅਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬਾਰਡਰਾਂ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ। ਉਥੇ ਹੀ ਸਰਕਾਰ ਨੇ ਜਿੱਥੇ ਬਾਰਡਰਾਂ ਉੱਤੇ ਕੰਡਿਆਲੀਆਂ ਤਾਰਾਂ ਲਗਾ ਕੇ ਕੰਕਰੀਟ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਨੇ ਉੱਥੇ ਹੀ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਨੂੰ ਵੀ ਬੰਦ ਕਰ ਦਿੱਤਾ ਹੈ। ਦੱਸ ਦਈਏ ਹਰਿਆਣਾ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਬਾਰਡਰਾਂ ਉੱਤੇ ਤਾਂ ਜੰਗੀ ਹਾਲਾਤ ਵਰਗੀ ਤਿਆਰੀ ਕੀਤੀ ਹੀ ਹੈ ਦੂਜੇ ਪਾਸੇ ਸੂਬੇ ਦੇ ਅੰਦਰ ਵੀ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਦੇ ਇਸ ਐਕਸ਼ਨ ਤੋਂ ਆਮ ਲੇਕ ਡਾਹਢੇ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ।