ਅੰਮ੍ਰਿਤਸਰ: ਪੰਜਾਬ ਪੁਲਿਸ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰਨ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਬਦਮਾਸ਼ਾਂ ਨੂੰ ਕਾਬੂ ਕਰਨ 'ਚ ਕੜੀ ਮਿਹਨਤ ਕੀਤੀ ਜਾ ਰਹੀ ਹੈ। ਉਥੇ ਹੀ ਅੰਮ੍ਰਿਤਸਰ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਕਾਬੂ ਕੀਤਾ ਹੈ, ਜੋ ਇਕੱਠੇ ਹੀ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸੀ।
ਲੜਕੀ ਤੋਂ ਮੋਬਾਇਲ ਦੀ ਕੀਤੀ ਸੀ ਲੁੱਟ: ਕਾਬਿਲੇਗੌਰ ਹੈ ਕਿ ਬਚਪਨ ਵਿੱਚ ਇਕੱਠੇ ਖੇਡਦੇ ਤੇ ਪੜ੍ਹਦੇ ਰਹੇ ਇਨ੍ਹਾਂ ਸਕੇ ਭਰਾਵਾਂ ਨੇ ਕਰਤੂਤ ਇੰਨ੍ਹੀ ਸ਼ਰਮਨਾਕ ਕੀਤੀ ਹੈ ਕਿ ਹੁਣ ਇਨ੍ਹਾਂ ਦੀ ਅਜਿਹੀ ਕਰਤੂਤ ਨੇ ਇਨ੍ਹਾਂ ਨੂੰ ਕਾਨੂੰਨ ਦੇ ਪੈਰਾਂ ਵਿੱਚ ਪਹੁੰਚਾ ਦਿੱਤਾ ਹੈ। ਇਨ੍ਹਾਂ ਲੁਟੇਰਿਆਂ ਨੇ ਬੀਤੇ ਦਿਨੀਂ ਇਕ ਲੜਕੀ ਕੋਲੋਂ ਮੋਬਾਇਲ ਖੋਹ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਜਿਸ ਤੋਂ ਬਾਅਦ ਉਕਤ ਮਾਮਲੇ ਦੇ ਵਿੱਚ ਪੁਲਿਸ ਵਲੋਂ ਹੁਣ ਜਾਂਚ ਤੋਂ ਬਾਅਦ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਕਾਬੂ ਕੀਤੇ ਨੌਜਵਾਨ ਦਾ ਪਿਤਾ ਹੈ ਹੋਮਗਾਰਡ: ਦੱਸ ਦਈਏ ਕਿ ਅੰਮ੍ਰਿਤਸਰ ਦੇ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਪਿਛਲੇ ਦਿਨੀ ਇੱਕ ਐਕਟਿਵਾ ਸਵਾਰ ਲੜਕੀ ਤੋਂ ਮੋਬਾਈਲ ਫੋਨ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਇਹ ਦੋਵੇਂ ਨੌਜਵਾਨ ਇੱਕ ਹੋਮਗਾਰਡ ਜਵਾਨ ਦੇ ਲੜਕੇ ਹਨ ਤੇ ਆਪਸ 'ਚ ਸਕੇ ਭਰਾ ਹਨ। ਜਿਨਾਂ ਵੱਲੋਂ ਇਸ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਮਾਮਲੇ ਦੀ ਬਰੀਕੀ ਨਾਲ ਕੀਤੀ ਜਾਵੇਗੀ ਜਾਂਚ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਦੇ ਖਿਲਾਫ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਇਹਨਾਂ ਦੇ ਪਿਤਾ ਜੋ ਕਿ ਹੋਮਗਾਰਡ ਵਿੱਚ ਹਨ, ਉਨ੍ਹਾਂ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਕੋਲੋਂ ਖੋਹ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਜਾਰੀ ਹੈ ।