ਅੰਮ੍ਰਿਤਸਰ: ਪੰਜਾਬ ਵਿੱਚ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਹੀ ਬੀਤੇ ਦਿਨੀਂ ਅੰਮ੍ਰਿਤਸਰ ਦੇ ਨਜ਼ਦੀਕ ਤਹਿਸੀਲ ਅਜਨਾਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਵਿਅਕਤੀ ਦੀ ਲਾਸ਼ ਭੇਦਭਰੇ ਹਾਲਤਾਂ ਵਿੱਚ ਰਸਤੇ 'ਚ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੂੰ ਕਿਸੇ ਗੈਰ ਵਿਅਕਤੀ ਵੱਲੋਂ ਫੋਨ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ ਸੀ।
ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਅਜਨਾਲਾ ਰਾਜ ਕੁਮਾਰ ਨੇ ਦੱਸਿਆ ਕਿ ਲੰਘੀ 21 ਮਾਰਚ ਦੀ ਰਾਤ ਨੂੰ 09:30 ਵਜੇ ਇੱਕ ਅਣਜਾਣ ਵਿਅਕਤੀ ਨੇ ਕਾਲ 'ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਡੱਲਾ ਰਾਜਪੂਤਾਂ ਦੇ ਕੋਲ ਇੱਕ ਅਣਜਾਣ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਪ੍ਰਸਸ਼ਨ ਵੱਲੋਂ ਮੌਕੇ 'ਤੇ ਪਹੁੰਚ ਜਾਣ ਅਤੇ ਪੜਤਾਲ ਕਰਨ ਉਪਰੰਤ ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੀਤ ਸਿੰਘ ਵਾਸੀ ਭਿੰਡੀ ਨੈਣ ਵਜੋਂ ਹੋਈ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀ।
ਉਹਨਾਂ ਅੱਗੇ ਦੱਸਿਆ ਕਿ ਐਸਐਚਓ ਹਰਪਾਲ ਸਿੰਘ ਦੀ ਮਿਹਨਤ ਸਦਕਾ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਕਤਲ ਦਾ ਮੁੱਖ ਕਰਤਾ ਧਰਤਾ ਜਸਵੰਤ ਸਿੰਘ ਪੁੱਤਰ ਛਿੰਦਾ ਸਿੰਘ ਅਤੇ ਜਸਵੰਤ ਸਿੰਘ ਦਾ ਭਤੀਜਾ ਨਾਨਕ ਸਿੰਘ ਹਨ। ਕਤਲ ਕਰਨ ਸਮੇਂ ਜੋ ਤੇਜ਼ਧਾਰ ਹਥਿਆਰ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ।
ਅੱਜ 27 ਮਾਰਚ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਬਾਕੀ ਦੀ ਪੁੱਛਗਿੱਛ ਜਾਰੀ ਹੈ। ਉਹਨਾਂ ਦੱਸਿਆ ਕਿ ਫਿਲਹਾਲ ਹਾਲੇ ਇੱਕ ਹੀ ਮੁਲਜ਼ਮ ਕਾਬੂ ਕੀਤਾ ਗਿਆ ਹੈ, ਮੁਲਜ਼ਮ ਦਾ ਭਤੀਜਾ ਆਨੰਦਪੁਰ ਸਾਹਿਬ ਵਿਖੇ ਮੇਲੇ 'ਤੇ ਗਿਆ ਹੈ, ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।