ਅੰਮ੍ਰਿਤਸਰ: ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਰਾਮ ਰਹੀਮ ਨੂੰ ਫ਼ਿਰ 50 ਦਿਨ ਦੀ ਪੈਰੋਲ ਮਿਲਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਾਰ ਵਾਰ ਘੱਟ ਗਿਣਤੀ ਕੌਮਾਂ ਦੇ ਨਾਲ ਬਹੁਤ ਧੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਹੀ ਨਹੀਂ, ਸਗੋਂ ਭਾਰਤ ਵਿੱਚ ਹੀ ਸਰਕਾਰਾਂ ਧੱਕਾ ਕਰਦੀਆਂ ਹਨ।
ਘੱਟ ਗਿਣਤੀ ਨਾਲ ਧੱਕਾ : ਮਲਕੀਤ ਸਿੰਘ ਨੇ ਕਿਹਾ ਕਿ ਬੰਦੀ ਸਿੱਖਾਂ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ, ਉਸ ਤੋਂ ਬਾਅਦ ਵੀ ਛੱਡਣ ਤੋਂ ਇਨ੍ਹਾਂ ਸਰਕਾਰਾਂ ਨੂੰ ਡਰ ਲੱਗਦਾ ਹੈ, ਪਰ ਜਿੱਥੇ ਝੂਠੇ ਡੇਰੇ ਵਾਲ਼ੇ ਸਾਧ ਦੀ ਰਾਮ ਰਹੀਮ ਦੀ ਗੱਲ ਆਉਂਦੀ ਹੈ, ਤਾਂ ਉਸ ਨੂੰ ਵਾਰ-ਵਾਰ ਪੈਰੋਲ ਉੱਤੇ ਬਾਹਰ ਭੇਜ ਕੇ ਸਿੱਖਾਂ ਨੂੰ ਜਾਂ ਘੱਟ ਗਿਣਤੀ ਹੋਰ ਧਰਮੀ ਲੋਕ ਨਾਲ ਗ਼ਲਤ ਕੀਤਾ ਜਾਂਦਾ ਹੈ।
ਭਾਜਪਾ ਵੋਟਾਂ ਇੱਕਠੀਆਂ ਕਰਨ ਲਈ ਰਾਮ ਰਹੀਮ ਨੂੰ ਦਿੰਦੀ ਪੈਰੋਲ: ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ ਉੱਤੇ ਛੱਡਣ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਉਪਕਾਰ ਸਿੰਘ ਸੰਧੂ ਨੇ ਵੀ ਕੇਂਦਰ ਸਰਕਾਰ ਉੱਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਨੂੰ ਲੈਕੇ ਬੀਜੇਪੀ ਨੇ ਉਸ ਨੂੰ ਪੈਰੋਲ 'ਤੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਉਸ ਨੂੰ ਛੱਡਿਆ ਜਾ ਰਿਹਾ ਹੈ ਕਿ ਰਾਮ ਰਹੀਮ ਵੱਲੋਂ ਡੇਰੇ ਦੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਜਿਹੜਾ ਘੱਟ ਗਿਣਤੀ ਦੇ ਲੋਕਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ।
ਸਰਕਾਰਾਂ ਮਾਹੌਲ ਵਿਗਾੜ ਰਹੀਆਂ: ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ, ਉਸ ਨਾਲ ਧ੍ਰੋਹ ਕੀਤਾ ਜਾਂਦਾ ਹੈ। ਉਸ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਅਤੇ ਜਿਨ੍ਹਾਂ ਉੱਤੇ ਗ਼ਲਤ ਕੰਮਾਂ ਦੇ ਦੋਸ਼ ਹਨ, ਉਨ੍ਹਾਂ ਨੂੰ ਮੁੜ ਪੈਰੋਲ ਦਿੱਤੀ ਜਾ ਰਹੀ ਹੈ। ਸਰਕਾਰ ਨੂੰ ਇਸ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਆਪ ਹੀ ਸਰਕਾਰਾਂ ਮਾਹੌਲ ਵਿਗਾੜਦੀਆਂ ਹਨ। ਇਸ ਕਰਕੇ ਸਾਰਿਆਂ ਨਾਲ ਬਰਾਬਰਤਾ ਹੋਣੀ ਚਾਹੀਦੀ ਹੈ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਕੇ ਉਨ੍ਹਾਂ ਨੂੰ ਵੀ ਆਪਣੇ ਪਰਿਵਾਰਾਂ ਵਿੱਚ ਆਉਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਬਾਰੇ ਨਹੀਂ ਸੋਚਦੀ, ਇਸ ਤੋਂ ਵੱਧ ਗੁਲਾਮੀ ਦਾ ਅਹਿਸਾਸ ਕੀ ਹੋ ਸਕਦਾ ਹੈ।