ਬਠਿੰਡਾ: ਪਿਛਲੇ 20 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਘਰਸ਼ 2021 ਵਿੱਚ ਵੀ ਚੱਲਿਆ ਸੀ, ਜੋ ਉਸ ਸਮੇਂ ਲੰਬਾ ਸਮਾਂ ਚੱਲਿਆ।
ਡੱਲੇਵਾਲ ਵਰਗੇ ਕਿਸਾਨ ਲੀਡਰਾਂ ਦੀ ਸਾਨੂੰ ਜ਼ਰੂਰਤ
ਮੰਤਰੀ ਖੁੱਡੀਆਂ ਨੇ ਕਿਹਾ ਕਿ ਉਦੋਂ ਵੀ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਤੇ ਕੇਂਦਰ ਸਰਕਾਰ ਨੇ ਮੰਗਾਂ ਮੰਨ ਲਈਆਂ ਸਨ, ਪਰ ਸਰਕਾਰ ਵਲੋਂ ਅੱਜ ਤੱਕ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਇਹੋ-ਜਿਹੇ ਕਿਸਾਨ ਆਗੂਆਂ ਦੀ ਜ਼ਰੂਰਤ ਹੈ। ਗੁਰਮੀਤ ਖੁੱਡੀਆਂ ਨੇ ਕਿਹਾ ਕਿ ਮੈਂ ਤਾਂ ਡੱਲੇਵਾਲ ਸਾਹਿਬ ਨੂੰ ਕਹਾਂਗਾ ਕਿ ਤੁਹਾਡੇ ਵਰਗੇ ਲੀਡਰਾਂ ਦੀ ਸਾਨੂੰ ਜ਼ਰੂਰਤ ਹੈ ਤੇ ਮੈਂ ਤੁਹਾਡੇ ਨਾਲ ਹਾਂ ।
ਨਗਰ ਨਿਗਮ ਚੋਣਾਂ 'ਚ ਨਹੀਂ ਹੋਵੇਗਾ ਧੱਕਾ
ਇਸ ਦੇ ਨਾਲ ਹੀ ਮਿਊਂਸੀਪਲ ਚੋਣਾਂ ਨੂੰ ਲੈ ਕੇ ਤਲਵੰਡੀ ਸਾਬੋ 'ਚ 31 ਲੋਕਾਂ ਦੇ ਨੋਮੀਨੇਸ਼ਨ ਰੱਦ ਹੋਣ 'ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਚਾਇਤੀ ਇਲੈਕਸ਼ਨਾਂ ਵਿੱਚ ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਪਰ ਇਸ ਦੇ ਬਾਰੇ ਮੈਨੂੰ ਸਥਿਤੀ ਦਾ ਪਤਾ ਨਹੀਂ ਹੈ। ਕਾਬਿਲੇਗੌਰ ਹੈ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਦੋਂ ਕਿਸੇ ਦੇ ਨਾਮਜ਼ਦਗੀ ਫਾਰਮ ਖੋਹ ਲਏ ਗਏ ਜਾਂ ਪਾੜ ਕੇ ਸੁੱਟ ਦਿੱਤੇ ਗਏ। ਇੰਨ੍ਹਾਂ ਤਸਵੀਰਾਂ 'ਚ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਵੀ ਦੇਖੀ ਗਈ।
ਕਣਕ 'ਤੇ ਗੁਲਾਬੀ ਸੁੰਡੀ ਦਾ ਹਮਲਾ
ਉਥੇ ਹੀ ਦੂਜੇ ਪਾਸੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਚੱਲਦੇ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਜਿਸ ਦੇ ਚੱਲਦੇ ਕਣਕ ਨੂੰ ਕਈ ਥਾਵਾਂ 'ਤੇ ਸੁੰਡੀ ਦਾ ਹਮਲਾ ਝੱਲਣਾ ਪੈ ਰਿਹਾ ਹੈ। ਇਸ 'ਤੇ ਮੰਤਰੀ ਖੁੱਡੀਆਂ ਨੇ ਕਿਹਾ ਕਿ ਕੁਝ ਕੁ ਏਰੀਏ ਵਿੱਚ ਜ਼ਰੂਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ, ਜਿਥੇ ਕਣਕ 'ਤੇ ਸੁੰਡੀ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਕਣਕ ਨੂੰ ਸੁੰਡੀ ਪਈ ਹੈ ਤਾਂ ਉਸ ਵਿੱਚ ਕਲੋਰੋ ਦਵਾਈ ਜ਼ਰੂਰ ਪਾਉਣੀ ਚਾਹੀਦੀ ਸੀ, ਪਰ ਫਿਰ ਵੀ ਅਸੀਂ ਦੇਖ ਰਹੇ ਹਾਂ।
ਸਰਕਾਰੀ ਸਕੂਲ ਦਾ ਸਲਾਨਾ ਸਮਾਰੋਹ
ਇਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਦੇ ਸਰਕਾਰੀ ਸਕੂਲ ਵਿੱਚ ਸਲਾਨਾ ਫੰਕਸ਼ਨ 'ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। ਉਹਨਾਂ ਨੇ ਸਕੂਲ ਨੂੰ ਇਕ ਲੱਖ ਰੁਪਏ ਵੀ ਦਿੱਤਾ ਅਤੇ ਸਕੂਲ ਦੀ ਖੂਬ ਤਾਰੀਫ ਕੀਤੀ ਕਿ ਹੁਣ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਉਹਨਾਂ ਦੇ ਨਾਲ ਬਠਿੰਡਾ ਸ਼ਹਿਰੀ ਦੇ ਐਮਐਲਏ ਜਗਰੂਪ ਸਿੰਘ ਗਿੱਲ ਵੀ ਮੌਜੂਦ ਸਨ।