ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਪੂਰੀ ਹੋ ਚੁੱਕੀ ਹੈ। 10 ਦਿਨਾਂ ਦੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਅੱਜ ਸੁਖਬੀਰ ਬਾਦਲ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਹੋਰ ਵੀ ਅਕਾਲੀ ਲੀਡਰ ਸ੍ਰੀ ਦਰਬਾਰ ਸਾਹਿਬ ਪਹੁੰਚਣਾ ਸ਼ੁਰੂ ਹੋ ਗਏ ਹਨ। ਸੁਖਬੀਰ ਬਾਦਲ ਅੱਜ ਸਵੇਰੇ 11 ਵਜੇ ਸਮੂਹ ਅਕਾਲੀ ਲੀਡਰਸ਼ਿਪ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ।
ਸੁਰੱਖਿਆ ਦੇ ਇੰਤਜ਼ਾਮ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਸ਼ਰਧਾ ਭਾਵਨਾ ਨਾਲ ਪੂਰੀ ਕੀਤੀ ਹੈ। ਚੀਮ ਨੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਖ਼ਾਲਸਾ ਪੰਥ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਚੜਦੀ ਕਲਾ ਵਿੱਚ ਰਹੇ। ਉੱਥੋਂ ਦੇ ਸੁਰੱਖਿਆ ਦੇ ਇੰਤਜ਼ਾਮਾਂ ਬਾਰੇ ਕਿਹਾ ਕਿ ਇਹ ਦਿਖਾਵੇ ਲਈ ਕੀਤਾ ਜਾ ਰਿਹਾ ਹੈ ਜੇ ਇਹ ਪਹਿਲਾਂ ਹੀ ਕੀਤਾ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ ਅੱਤ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਸੁਰੱਖਿਆ ਮਹੱਈਆ ਕਰਵਾਈ ਜਾਵੇ
ਅਕਾਲੀ ਲੀਡਰ ਨੇ ਕਿਹਾ ਕਿ ਵੱਡਾ ਹਾਦਸਾ ਹੋ ਚੱਲਿਆ ਸੀ,, ਸਾਰੀ ਦੁਨੀਆਂ ਵਿੱਚ ਇਸ ਗੱਲ ਦੀ ਦਹਿਸ਼ਤ ਪੈ ਗਈ ਸੀ ਕਿ ਗੁਰੂਘਰ ਦੇ ਬਾਹਰ ਇਹ ਹਾਦਸਾ ਹੋਣ ਤੋਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਇੱਕ ਗਲਤ ਮੈਸੇਜ ਗਿਆ ਹੈ। ਜੇਕਰ ਪਹਿਲਾਂ ਹੀ ਇਹ ਸੁਰੱਖਿਆ ਲਗਾਈ ਹੁੰਦੀ ਤਾਂ ਇਹ ਮੈਸੇਜ ਨਹੀਂ ਸੀ ਜਾਣਾ। ਉਨ੍ਹਾਂ ਨੇ ਕਿਹਾ ਕਿ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਹੋਵੇ। ਜੇਕਰ ਪੁਲਿਸ ਨੂੰ ਪਤਾ ਹੈ ਕਿ ਉਹ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਸੁਰੱਖਿਆ ਮਹੱਈਆ ਕਰਵਾਈ ਜਾਵੇ।
ਤਨਖਾਹ ਅਨੁਸਾਰ ਸੇਵਾ ਦੀ ਰਿਪੋਰਟ
ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕਰਨ ਤੋਂ ਬਾਅਦ ਹੀ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਨਗੇ। ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਪ੍ਰਸਤਾਵ ਠੀਕ ਹੈ ਪਰ ਉਸ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜੇਕਰ ਦੇਸ਼ ਵਿੱਚ ਕਿਤੇ ਜ਼ਿਮਨੀ ਇਲੈਕਸ਼ਨ ਆਉਂਦੇ ਹਨ ਤਾਂ ਉਨ੍ਹਾਂ ਦਾ ਕਿਸ ਤਰ੍ਹਾਂ ਅਤੇ ਕੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਅਤੇ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਤਹਿਤ ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ ਦੇਣ ਮਗਰੋਂ ਆਖਰੀ ਦਿਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜ ਤਖ਼ਤਾਂ 'ਤੇ ਸਜ਼ਾ ਭੁਗਤਣ ਮਗਰੋਂ ਅੱਜ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸਦੇ ਨਾਲ ਹੀ ਹੋਰ ਅਕਾਲੀ ਲੀਡਰ ਵੀ ਸ਼ਾਮਲ ਹੋਏ ਹਨ।