ਪਟਿਆਲਾ : ਪੰਚਾਇਤੀ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ। ਆਪਣੀ ਹਾਰ ਤੋਂ ਬੌਖਲਾਈ ਆਪ ਨੇ ਪੰਚਾਇਤੀ ਚੋਣਾਂ ਦੇ ਆਖਰੀ ਦਿਨ ਜੋ ਧੱਕਾ ਕੀਤਾ ਹੈ ਉਹ ਸਭ ਦੇ ਸਾਹਮਣੇ ਹੈ। ਇਹ ਕਹਿਣਾ ਹੈ ਪਟਿਆਲਾ ਤੋਂ ਕਾਂਗਰਸੀ ਸਾਂਸਦ ਧਰਮਵੀਰ ਗਾਂਧੀ ਦਾ, ਜਿੰਨ੍ਹਾਂ ਨੇ ਬੀਤੇ ਦਿਨ੍ਹੀਂ ਨਾਮਜਦੀਆਂ ਵਿੱਚ ਹੋਏ ਧੱਕੇ ਨੂੰ ਲੈ ਕੇ ਪ੍ਰੈਸ ਕਾਂਫਰਸਨ ਕੀਤੀ। ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਆਮ ਲੋਕ ਬਾਹਰ ਗਰਮੀ ਵਿੱਚ ਧੱਕੇ ਖਾਂਦੇ ਰਹੇ, ਖ਼ੱਜਲ ਖ਼ੁਆਰ ਹੁੰਦੇ ਰਹੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੋਕ ਆਪਣੇ ਪਰਚੇ ਦਾਖਲ ਕਰਨ ਲਈ ਚੋਰ ਦਰਵਾਜਿਆਂ ਤੋਂ ਅੰਦਰ ਕਾਗਜ਼ ਜਮਾਂ ਕਰਵਾਉਂਦੇ ਨਜ਼ਰ ਆਏ।
ਚੋਣ ਕਮਿਸ਼ਨ ਨੂੰ ਸ਼ਿਕਾਇਤ
ਉਹਨਾਂ ਕਿਹਾ ਕਿ ਹਰ ਪਾਰਟੀ ਵਾਸਤੇ ਚੋਣ ਪ੍ਰੀਕਿਰਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਸਨ ਪਰ ਜੋ ਇਹਨਾਂ ਚੋਣਾਂ ਵਿੱਚ ਜੋ ਗੁੰਡਾਗਰਦੀ ਅਤੇ ਧੱਕੇਸ਼ਾਹੀ ਹੋਈ ਹੈ ਉਹ ਮੈਂ ਸਿਆਸਤ ਦੇ ਇੰਨਾ ਵਰ੍ਹਿਆਂ ਵਿੱਚ ਨਹੀਂ ਦੇਖੇ। ਹਲਕਾ ਸਨੌਰ ਦੇ ਬੀਡੀਪੀਓ ਦਫਤਰ ਵਿੱਚ ਪ੍ਰਸ਼ਾਸਨ ਨੇ ਅਸਿਧੇ ਤੌਰ ਆਮ ਆਦਮੀ ਪਾਰਟੀ ਵਿੱਚ 'ਆਪ' ਦਾ ਸਾਥ ਦਿੰਦੇ ਹੋਏ ਬਾਹਰ ਖੜ੍ਹੇ ਲੋਕਾਂ ਨੂੰ ਖੱਜਲ ਕੀਤਾ ਹੈ,ਉਹ ਬੇਹੱਦ ਗਲਤ ਹੈ। ਅਸੀਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਾਂਗੇ। ਉਹਨਾਂ ਕਿਹਾ ਕਿ ਧੱਕੇ ਨਾਲ ਘਰਾਂ ਵਿੱਚ ਜਾ ਕੇ ਡਰਾ ਧਮਕਾ ਕੇ ਕਾਗਜ਼ ਵਾਪਿਸ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ ਇਸ ਲਈ ਚੋਣ ਕਮਿਸ਼ਨ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰੇ ਅਤੇ ਲੋਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਤਾਂ ਜੋ ਲੋਕ ਬਿਨਾਂ ਸਿਆਸੀ ਦਬਾਅ ਦੇ ਆਪਣੇ ਕਾਗਜ਼ ਦਾਖਿਲ ਕਰ ਸਕਣ।
ਸਿਆਸੀ ਸ਼ਹਿ 'ਤੇ ਪੁਲਿਸ ਮੁਲਾਜ਼ਮ ਵੀ ਕਰ ਰਹੇ ਧੱਕਾ
ਉੱਥੇ ਹੀ ਇਸ ਮੌਕੇ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਰਪੰਚੀ ਚੋਣਾਂ 'ਚ ਗੁੰਡਾਗਰਦੀ 'ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੇ ਕਾਗਜ ਨਹੀਂ ਭਰਨ ਦਿੱਤੇ ਗਏ ਅਤੇ ਕਾਂਗਰਸੀਆਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਜ਼ਬਰੀ ਕਾਗਜ਼ ਰੱਦ ਕੀਤੇ ਗਏ ਹਨ, ਨਾਲ ਹੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਵਿੱਚ ਅਹਿਮ ਮੁਲਜ਼ਮ ਦੱਸਿਆ ਜਲਾਲਪੁਰ ਨੇ ਕਿਹਾ ਕਿ ਮੇਰੇ ਸਾਹਮਣੇ ਹੀ ਇੱਕ ਇੰਸਕਪੈਕਟਰ ਨੇ ਉਹਨਾਂ ਦੇ ਆਗੂਆਂ ਨੂੰ ਰੋਕਿਆ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਾਗਜ਼ ਨਹੀਂ ਦਾਖ਼ਿਲ ਕਰ ਸਕਦੇ। ਇਸ ਮੌਕੇ ਮਦਨ ਲਾਲ ਜਲਾਲਪੁਰ ਨੇ ਕਿਹਾ ਕੱਲ ਕਾਗਜ ਭਰਨ ਦੌਰਾਨ ਸਾਡੇ ਨਾਲ ਧੱਕਾ ਕੀਤਾ ਗਿਆ, ਸਾਡੇ ਉਮੀਦਵਾਰਾਂ ਨੂੰ ਅੰਦਰ ਤੱਕ ਨਹੀਂ ਜਾਣ ਦਿੱਤਾ, ਊਨਾ ਕਿਹਾ ਕਿ ਜਿੰਨ੍ਹਾਂ ਉਪਰ ਮੁਕੱਦਮੇ ਦਰਜ ਹਨ ਉਹ ਸ਼ਰੇਆਮ ਅਸਲਾ ਲੈਕੇ ਘੁੰਮ ਰਹੇ ਸਨ। ਇਹ ਸ਼ਰੇਆਮ ਧੱਕਾ ਹੈ ਜਿਸ ਦੀ ਸ਼ਿਕਾਇਤ ਅਸੀਂ ਚੋਣ ਕਮਿਸ਼ਨ ਨੂੰ ਕਰਾਂਗੇ।