ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਢਿੱਲੀ ਲਿਫਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ‘ਆਪ’ ਆਗੂਆਂ ਤੇ ਸਮਰਥਕਾਂ ਨੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਧਰਨਾਕਾਰੀ ਵਰਕਰਾਂ ਨੂੰ ਅੱਧ ਵਿਚਕਾਰ ਹੀ ਰੋਕ ਲਿਆ। ਪੁਲਿਸ ਵੱਲੋਂ ਪਾਣੀ ਦੀ ਬੁਛਾਰਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ‘ਆਪ’ ਦੇ 6 ਮੰਤਰੀਆਂ, ਕਈ ਵਿਧਾਇਕਾਂ ਤੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ। ਫਿਲਹਾਲ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਪੱਗ ਵੀ ਸਿਰ ਤੋਂ ਉਤਰ ਗਈ।
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਦੱਸ ਦਈਏ ਕਿ ਭਾਜਪਾ ਦਫ਼ਤਰ ਤੋਂ ਮਹਿਜ਼ 150 ਮੀਟਰ ਦੀ ਦੂਰੀ 'ਤੇ ਸਥਿਤ ਬੱਤਰਾ ਸਿਨੇਮਾ ਨੇੜੇ ਸਵੇਰ ਤੋਂ ਹੀ 'ਆਪ' ਦੇ ਕਈ ਆਗੂ ਤੇ ਸਮਰਥਕ ਇਕੱਠੇ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਰੋਸ ਰੈਲੀ ਕੱਢੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਇਕ-ਇਕ ਕਰਕੇ ਸਾਰੇ ਮੰਤਰੀਆਂ ਅਤੇ ਆਗੂਆਂ ਨੇ ਸੰਬੋਧਨ ਕੀਤਾ। ਦੂਜੇ ਪਾਸੇ ਪੁਲਿਸ ਨੇ ਵੀ ਸਵੇਰ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ‘ਆਪ’ ਆਗੂ ਤੇ ਸਮਰਥਕ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕੇ। ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਲਾਏ ਬੈਰੀਕੇਡਾਂ ’ਤੇ ਚੜ੍ਹਨ ਲੱਗੇ ਤਾਂ ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ ਪਰ ਪ੍ਰਦਰਸ਼ਨਕਾਰੀ ਫਿਰ ਵੀ ਅੱਗੇ ਵਧੇ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਥਾਣੇ ਭੇਜਣਾ ਸ਼ੁਰੂ ਕਰ ਦਿੱਤਾ।
'ਆਪ' ਦੇ ਮੰਤਰੀ ਤੇ ਵਰਕਰ ਹਿਰਾਸਤ 'ਚ
ਇਸ ਧਰਨੇ ਦੀ ਅਗਵਾਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਲਿਤ ਸਿੰਘ ਭੁੱਲਰ, ਮੰਤਰੀ ਤਰੁਨਪ੍ਰੀਤ ਸਿੰਘ ਅਤੇ ਮੰਤਰੀ ਹਰਜੋਤ ਬੈਂਸ ਨੇ ਕੀਤੀ। ਪੁਲਿਸ ਨੇ ਇਨ੍ਹਾਂ ਸਾਰੇ 6 ਮੰਤਰੀਆਂ ਸਮੇਤ ਕਈ 'ਆਪ' ਵਰਕਰਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਝੋਨੇ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ। ਮੰਤਰੀ ਲਾਲ ਚੰਦ ਭੁੱਲਰ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਵੇ ਤਾਂ ਵੀ ਪਿੱਛੇ ਨਹੀਂ ਹਟਾਂਗੇ।
'ਸਾਡੇ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ'
ਸਰਕਾਰ ਨੂੰ ਚਿਤਾਵਨੀ ਦਿੰਦੇ ਪ੍ਰਦਰਸ਼ਨਕਾਰੀ ਮੰਤਰੀਆਂ ਨੇ ਆਖਿਆ ਜੇਕਰ ਦਿੱਲੀ ਵਿੱਚ ਵਿਰੋਧ ਕਰਨਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਜੇਕਰ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ ਤਾਂ ਸਾਡੇ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ। ਜੇਕਰ ਕੇਂਦਰ ਪੈਸੇ ਭੇਜਣ ਦੀ ਗੱਲ ਕਰ ਰਿਹਾ ਹੈ ਤਾਂ ਇਸ ਨੇ ਆਪਣਾ ਫਰਜ਼ ਨਿਭਾਇਆ ਹੈ। ਪੰਜਾਬ ਸਰਕਾਰ 'ਤੇ ਕਿਸੇ ਨੇ ਕੋਈ ਮਿਹਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਵਿੱਚ ਸਪੱਸ਼ਟ ਹੈ ਕਿ ਨਵੀਂ ਫ਼ਸਲ ਆਉਣ ਤੋਂ ਪਹਿਲਾਂ ਪੁਰਾਣੀ ਫ਼ਸਲ ਦੀ ਚੁਕਾਈ ਕੀਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ।
15 ਚਿੱਠੀਆਂ ਲਿਖੀਆਂ
‘ਆਪ’ ਆਗੂਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਝੋਨੇ ਦੀ ਲਿਫਟਿੰਗ ਦੇ ਮੁੱਦੇ ’ਤੇ ਸ਼ੁਰੂ ਤੋਂ ਹੀ ਗੰਭੀਰ ਰਹੀ ਹੈ। ਸੰਸਦ ਮੈਂਬਰ ਮਾਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦਾ ਖੁਰਾਕ ਸਪਲਾਈ ਵਿਭਾਗ ਮਾਰਚ ਤੋਂ ਭਾਰਤੀ ਖੁਰਾਕ ਨਿਗਮ (ਐਫਸੀਆਈ) ਅਤੇ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖ ਰਿਹਾ ਸੀ ਪਰ ਕੇਂਦਰ ਸਰਕਾਰ ਨੇ 9 ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖੁਰਾਕ ਸਪਲਾਈ ਵਿਭਾਗ ਨੇ ਪਹਿਲਾਂ 5 ਮਾਰਚ ਨੂੰ ਐਫਸੀਆਈ ਨੂੰ ਪੱਤਰ ਲਿਿਖਆ, ਫਿਰ 11 ਮਾਰਚ, 13 ਮਾਰਚ, 19 ਮਾਰਚ ਅਤੇ 22 ਮਾਰਚ ਨੂੰ ਪੱਤਰ ਲਿਿਖਆ। 14 ਤੇ 27 ਜੂਨ ਨੂੰ ਦੋ ਵਾਰ ਚਿੱਠੀਆਂ ਲਿਖੀਆਂ। 03 ਸਤੰਬਰ ਨੂੰ ਪੱਤਰ ਵੀ ਲਿਖੇ। ਕੁੱਲ ਮਿਲਾ ਕੇ 15 ਚਿੱਠੀਆਂ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ ਸੀਐਮ ਦਿੱਲੀ ਜਾ ਕੇ ਕੇਂਦਰੀ ਮੰਤਰੀਆਂ ਨੂੰ ਵੀ ਮਿਲੇ ਹਨ।
ਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਸੀ ਮੁਲਾਕਾਤ
ਹੁਣ ਪੰਜਾਬ ਭਾਜਪਾ ਵੀ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਸਰਗਰਮ ਹੈ। ਅਜਿਹੇ ਵਿੱਚ ਦੋਵਾਂ ਪਾਰਟੀਆਂ ਦੇ ਆਗੂ ਕਿਸਾਨਾਂ ਦਾ ਦਿਲ ਜਿੱਤਣ ਵਿੱਚ ਲੱਗੇ ਹੋਏ ਹਨ। ਇਸ ਗੱਲ ਨੂੰ 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਸੋਮਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਆਗੂਆਂ ਦਾ ਵਫ਼ਦ ਰਾਜਪਾਲ ਨੂੰ ਮਿਿਲਆ ਸੀ। ਨਾਲ ਹੀ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਜਾਵੇ।
''ਆਪ' ਸਿਰਫ਼ 'ਤੇ ਸਿਰਫ਼ ਕਰ ਰਹੀ ਡਰਾਮਾ'
ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ‘ਆਪ’ ਦੇ ਪ੍ਰਦਰਸ਼ਨ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਢੁੱਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਹਾਲਾਤ ਨਾ ਹੁੰਦੇ। ਉਨ੍ਹਾਂ ‘ਆਪ’ ਆਗੂਆਂ ਨੂੰ ਮੰਡੀਆਂ ਵਿੱਚ ਜਾਣ ਦੀ ਸਲਾਹ ਦਿੱਤੀ। ਹੁਣ ਇਹ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਇਹ ਪ੍ਰੇਸ਼ਾਨੀ ਕਦੋਂ ਹੱਲ ਹੋਵੇਗੀ ਅਤੇ 'ਆਪ' ਦਾ ਇਹ ਪ੍ਰਦਰਸ਼ਨ ਵਿਧਾਨ ਸਭਾ ਦੀਆਂ 4 ਸੀਟਾਂ ਦੇ ਨਤੀਜ਼ਿਆਂ 'ਤੇ ਕੀ ਅਸਰ ਪਵੇਗਾ।