ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਇੱਕ 31 ਕੁ ਸਾਲ ਦੇ ਨੌਜਵਾਨ ਦਾ ਬੀਤੀ ਰਾਤ ਰਾਏਕੋਟ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਪੰਡੋਰੀ ਦਿਵਾਲੀ ਦੇ ਸਬੰਧ ਵਿੱਚ ਰਾਏਕੋਟ ਆਪਣੇ ਦਫ਼ਤਰ ਆਪਣੇ ਦੋ ਸਾਥੀਆਂ ਨਾਲ ਦੀਵਾ ਜਗਾਉਣ ਗਿਆ ਸੀ, ਜਿੱਥੇ ਰਾਤ 10 ਦੇ ਕਰੀਬ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਆਏ 10 ਤੋਂ 12 ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਦਫ਼ਤਰ 'ਚ ਦੀਵਾ ਜਗਾਉਣ ਗਏ ਨੌਜਵਾਨ ਦਾ ਕਤਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਸਿਟੀ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਦੇ ਚਚੇਰੇ ਭਰਾ ਹਰਦੀਪ ਸਿੰਘ ਦੇ ਬਿਆਨ ਦਰਜ ਕਰਵਾਏ ਹਨ। ਉਸ ਨੇ ਦੱਸਿਆ ਕਿ ਉਹ ਅਮਨਦੀਪ ਸਿੰਘ ਅਤੇ ਅਜੈਬ ਸਿੰਘ ਵਾਸੀ ਪੰਡੋਰੀ ਦੇ ਨਾਲ ਅਮਨਦੀਪ ਸਿੰਘ ਦੀ ਗੱਡੀ ਵਿੱਚ ਰਾਏਕੋਟ ਦਫ਼ਤਰ ਵਿੱਚ ਦਿਵਾਲੀ ਦੇ ਸੰਬੰਧ ਵਿੱਚ ਦੀਵਾ ਜਗਾਉਣ ਗਏ ਸਨ। ਜਿੱਥੇ ਦਾਨਵੀਰ ਸਿੰਘ ਉਰਫ ਡੀਸੀ ਵਾਸੀ ਨੂਰਪੁਰਾ ਅਤੇ ਜਸਪ੍ਰੀਤ ਸਿੰਘ ਢੱਟ ਆਪਣੇ ਸਾਥੀਆਂ ਸਮੇਤ ਪਹਿਲਾਂ ਤੋਂ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਦਾਨਵੀਰ ਸਿੰਘ ਉਰਫ ਡੀਸੀ ਨੇ ਅਮਨਦੀਪ ਸਿੰਘ 'ਤੇ ਗੋਲੀ ਚਲਾ ਦਿੱਤੀ ਜੋ ਅਮਨਦੀਪ ਸਿੰਘ ਦੇ ਸਿਰ ਵਿੱਚ ਲੱਗੀ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਹਰਦੀਪ ਸਿੰਘ ਅਤੇ ਅਜੈਬ ਸਿੰਘ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਜਦੋਂ ਜ਼ਖ਼ਮੀ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਰਾਏਕੋਟ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਵਲੋਂ ਦਰਜਨ ਦੇ ਕਰੀਬ ਲੋਕਾਂ 'ਤੇ ਮਾਮਲਾ ਦਰਜ
ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਾਨਵੀਰ ਸਿੰਘ ਡੀਸੀ ਅਤੇ ਜਸਪ੍ਰੀਤ ਸਿੰਘ ਢੱਟ ਤੇ 8-10 ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
AAP ਵਿਧਾਇਕ ਦੇ ਪਿੰਡ ਦਾ ਹੈ ਮ੍ਰਿਤਕ
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੀਵਾਲੀ ਦੇ ਤਿਉਹਾਰ ਮੌਕੇ ਹੋਏ ਨੌਜਵਾਨ ਦੇ ਕਤਲ ਦੇ ਕਾਰਨ ਪਿੰਡ ਪੰਡੋਰੀ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਮ੍ਰਿਤਕ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਪੰਡੋਰੀ ਦਾ ਨੌਜਵਾਨ ਸੀ।