ਰੋਪੜ: ਪਿੰਡ ਧਨੌਰੀ ਕੋਲ ਇੱਕ ਭਿਆਨਕ ਹਾਦਸਾ ਹੋਇਆ ਅਤੇ ਇਸ ਦੌਰਾਨ ਦੋ ਟਿੱਪਰ ਆਪਸ ਵਿੱਚ ਟਕਰਾ ਗਏ। ਟੱਕਰ ਦੌਰਾਨ ਇੱਕ ਟਿੱਪਰ ਜੋ ਰੋਪੜ ਤੋਂ ਮੋਰਿੰਡਾ ਵੱਲ ਨੂੰ ਜਾ ਰਿਹਾ ਸੀ ਉਸਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਦੀ ਰੇਤੇ ਨਾਲ ਭਰੇ ਹੋਏ ਟਿੱਪਰ ਦੀ ਲਪੇਟ ਵਿੱਚ ਆਉਣ ਦੇ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ।
ਆਪਸ 'ਚ ਟਕਰਾਏ ਟਿੱਪਰ,ਨੌਜਵਾਨ ਦੀ ਮੌਤ
ਪ੍ਰਤੱਖਦਰਸ਼ੀਏ ਦੀ ਮੰਨੀਏ ਤਾਂ ਟਿੱਪਰਾਂ ਦੀ ਆਪਸੀ ਟੱਕਰ ਤੋਂ ਬਾਅਦ ਤੁਰੰਤ ਉਸ ਦੇ ਪਿੱਛੇ ਇੱਕ ਬਾਈਕ ਸਵਾਰ ਵਿਅਕਤੀ ਲਪੇਟ ਵਿੱਚ ਆ ਗਿਆ ਜਿਸ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਅਵਤਾਰ ਸਿੰਘ ਕਿਸੇ ਕੰਮ ਦੇ ਲਈ ਮੋਰਿੰਡਾ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਉਸ ਨਾਲ ਇਹ ਘਟਨਾ ਵਾਪਰ ਗਈ। ਮ੍ਰਿਤਕ ਦਾ ਮੋਟਰਸਾਈਕਲ ਜਦੋਂ ਟਿੱਪਰ ਨਾਲ ਟਕਰਾਉਂਦਾ ਹੈ ਤਾਂ ਟਿੱਪਰ ਦਾ ਡਾਲਾ ਖੁੱਲ੍ਹ ਕੇ ਮ੍ਰਿਤਕ ਦੇ ਉੱਤੇ ਗਿਰ ਜਾਂਦਾ ਹੈ, ਜਿਸ ਨਾਲ ਮ੍ਰਿਤਕ ਦਾ ਮੋਟਰਸਾਈਕਲ ਟਿੱਪਰ ਦੇ ਹੇਠਾਂ ਆ ਜਾਂਦਾ ਹੈ ਅਤੇ ਡਾਲਾ ਉਸ ਉੱਤੇ ਡਿੱਗਣ ਦੇ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ। ਇੰਨਾ ਹੀ ਨਹੀਂ ਡਾਲਾ ਖੁੱਲ੍ਹਣ ਕਾਰਣ ਟਿੱਪਰ ਵਿੱਚ ਮੌਜੂਦ ਮਿੱਟੀ ਮ੍ਰਿਤਕ ਦੇ ਉੱਤੇ ਆ ਕੇ ਗਿਰਦੀ ਹੈ ਜਿਸ ਨਾਲ ਉਹ ਭਾਰੀ ਵਜਨ ਹੇਠਾਂ ਵੀ ਆ ਜਾਂਦਾ ਹੈ।
ਟਿੱਪਰ ਸੜ ਕੇ ਹੋਇਆ ਸੁਆਹ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੋ ਟਿੱਪਰਾਂ ਦੀ ਟੱਕਰ ਹੋਈ ਹੈ, ਜਿਸ ਵਿੱਚ ਇੱਕ ਟਿੱਪਰ ਜਲ ਕੇ ਰਾਖ ਹੋ ਚੁੱਕਿਆ ਹੈ। ਮੌਕੇ ਉੱਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਮ੍ਰਿਤਕ ਅਵਤਾਰ ਸਿੰਘ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਅਵਤਾਰ ਸਿੰਘ ਦੇ ਸਰੀਰ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਅਤੇ ਬਹੁਤ ਬੁਰੀ ਤਰ੍ਹਾਂ ਜਲ ਚੁੱਕਿਆ ਸੀ। ਲੋਕਾਂ ਨੇ ਕਿਹਾ ਕਿ ਇੱਕ ਤਾਂ ਸੜਕ ਦੀ ਹਾਲਤ ਬਹੁਤ ਖਸਤਾ ਹੈ ਦੂਸਰਾ ਭਾਰੀ ਵਾਹਨ ਕੌਮੀ ਰਾਜ ਮਾਰਗ ਤੋਂ ਨਾ ਨਿਕਲ ਕੇ ਇਸ ਰਸਤੇ ਨੂੰ ਇਸ ਲਈ ਚੁਣਦੇ ਹਨ ਕਿਉਂਕਿ ਇਸ ਰਸਤੇ ਉੱਤੇ ਟੋਲ ਪਲਾਜ਼ਾ ਨਹੀਂ ਪੈਂਦਾ ਅਤੇ ਭਾਰੀ ਵਾਹਨਾਂ ਦੇ ਨਿਕਲਣ ਕਾਰਨ ਇਸ ਰਸਤੇ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ। ਥਾਂ-ਥਾਂ ਉੱਤੇ ਟੋਏ ਪੈ ਚੁੱਕੇ ਹਨ ਅਤੇ ਟੋਇਆਂ ਤੋਂ ਬਚਾਉਣ ਦੇ ਚੱਕਰ ਦੇ ਵਿੱਚ ਲਗਾਤਾਰ ਇਸ ਜਗ੍ਹਾ ਦੇ ਉੱਤੇ ਐਕਸੀਡੈਂਟ ਹੋ ਰਹੇ ਹਨ। ਇਹਨਾਂ ਐਕਸੀਡੈਂਟਾਂ ਦੌਰਾਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।