ਅੰਮ੍ਰਿਤਸਰ: ਪੰਜਾਬ ਤੋਂ ਨੌਜਵਾਨ ਆਪਣੇ ਸੁਫਨੇ ਪੂਰੇ ਕਰਨ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਉਥੇ ਜਾ ਕੇ ਕਈ ਵਾਰ ਕਿਸੇ ਅਣਚਾਹੀ ਮੁਸੀਬਤ 'ਚ ਫਸ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਤੱਕ ਖਾਣੀ ਪੈਂਦੀ ਹੈ। ਇਸ ਦੌਰਾਨ ਇਧਰ ਪੰਜਾਬ 'ਚ ਉਨ੍ਹਾਂ ਦੇ ਪਰਿਵਾਰ ਆਪਣੇ ਉਸ ਪਰਿਵਾਰਕ ਮੈਂਬਰ ਦੀ ਫਿਕਰ 'ਚ ਦਰ-ਦਰ ਭਟਕਦੇ ਫਿਰਦੇ ਹਨ ਤਾਂ ਜੋ ਸਮਾਂ ਰਹਿੰਦੇ ਉਹ ਆਪਣੇ ਪੁੱਤ ਜਾਂ ਭਰਾ ਨੂੰ ਜੇਲ੍ਹ ਤੋਂ ਬਾਹਰ ਕੱਢਵਾ ਸਕਣ।
ਦੁਬਈ ਦੀ ਜੇਲ੍ਹ 'ਚ ਫਸਿਆ ਨੌਜਵਾਨ: ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਭੰਗਾਲੀ ਕਲਾਂ ਤੋਂ ਸਾਹਮਣੇ ਆਇਆ ਹੈ। ਜਿਥੋਂ ਦਾ ਨੌਜਵਾਨ ਮਨਜਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਗਿਆ ਸੀ ਪਰ ਉਥੇ ਕੁਝ ਅਜਿਹੇ ਹਾਲਾਤ ਬਣ ਗਏ ਕਿ ਉਸ ਨੂੰ ਕੁਝ ਹੀ ਮਹੀਨਿਆਂ ਬਾਅਦ ਜੇਲ੍ਹ ਜਾਣਾ ਪਿਆ। ਇਸ ਦੇ ਚੱਲਦੇ ਉਸ ਨੌਜਵਾਨ ਦੇ ਪਰਿਵਾਰਕ ਮੈਂਬਰ ਇਥੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦਾ ਨੌਜਵਾਨ ਪੁੱਤ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।
ਘਰ ਦੀ ਗਰੀਬੀ ਦੂਰ ਕਰਨ ਗਿਆ ਸੀ ਨੌਜਵਾਨ: ਇਸ ਨੂੰ ਲੈਕੇ ਨੌਜਵਾਨ ਦੇ ਪਿਤਾ ਦਾ ਕਹਿਣਾ ਕਿ ਦੋ ਸਾਲ ਪਹਿਲਾਂ ਉਨ੍ਹਾਂ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਆਜ਼ਾਦ ਵੀਜੇ 'ਤੇ ਦੁਬਈ ਭੇਜਿਆ ਸੀ ਤੇ ਉਥੇ ਉਹ ਵਧੀਆ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੱਕ ਦਿਨ ਕੰਮ 'ਤੇ ਜਾਣ ਲਈ ਉਨ੍ਹਾਂ ਦੇ ਪੁੱਤ ਨੇ ਕਿਸੇ ਗੱਡੀ ਵਾਲੇ ਤੋਂ ਲਿਫਟ ਲਈ ਤਾਂ ਰਾਹ 'ਚ ਪੁਲਿਸ ਨਾਕਾ ਦੇਖ ਗੱਡੀ ਚਾਲਕ ਉਸ ਗੱਡੀ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਦੁਬਈ ਪੁਲਿਸ ਨੇ ਉਨ੍ਹਾਂ ਦੇ ਪੁੱਤ ਨੂੰ ਚੋਰੀ ਦੀ ਗੱਡੀ ਦੇ ਇਲਜ਼ਾਮਾਂ 'ਚ ਜੇਲ੍ਹ ਭੇਜ ਦਿੱਤਾ। ਪਿਤਾ ਵਲੋਂ ਪੁੱਤ ਦੀ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਸਰਕਾਰਾਂ ਤੇ ਸਮਾਜਸੇਵੀਆਂ ਤੋਂ ਮਦਦ ਦੀ ਅਪੀਲ: ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਨੌਜਵਾਨ ਮਨਜਿੰਦਰ ਸਿੰਘ ਨੂੰ ਜੇਲ੍ਹ 'ਚ ਕਰੀਬ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਨੌਜਵਾਨ ਦਾ ਪਤਾ ਹੀ ਨਹੀਂ ਲੱਗਿਆ ਤਾਂ ਫਿਰ ਕਿਸੇ ਤੋਂ ਪਤਾ ਕਰਵਾਇਆ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਮਨਜਿੰਦਰ ਚੋਰੀ ਦੇ ਇਲਜ਼ਾਮਾਂ 'ਚ ਜੇਲ੍ਹ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਬਈ ਦੀ ਅਦਾਲਤ 'ਚ ਉਸ ਦੀਆਂ ਤਰੀਕਾਂ ਪੈ ਰਹੀਆਂ ਹਨ। ਇਸ ਦੇ ਚੱਲਦੇ ਪਿੰਡ ਵਾਸੀਆਂ ਨੇ ਪੰਜਾਬ ਤੇ ਭਾਰਤ ਸਰਕਾਰ ਦੇ ਨਾਲ-ਨਾਲ ਸਮਾਜਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਐਸ ਪੀ ਸਿੰਘ ਓਬਰਾਏ ਨੂੰ ਵੀ ਗਰੀਬ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
- ਮੌਸਮ ਅਪਡੇਟ; ਪੰਜਾਬ ਸਣੇ ਹੋਰ ਰਾਜਾਂ ਵਿੱਚ ਮੌਸਮ ਦਾ ਹਾਲ, ਜਾਣੋ, ਪਵੇਗਾ ਮੀਂਹ ਜਾਂ ਹੀਟਵੇਵ ਦਾ ਅਲਰਟ - Weather Update
- ਅੰਮ੍ਰਿਤਸਰ 'ਚ ਕੇਜਰੀਵਾਲ ਦਾ ਮੈਗਾ ਰੋਡ ਸ਼ੋਅ: ਲੋਕਾਂ ਨੂੰ ਬੋਲੇ - ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਜੇਲ੍ਹ ਨਹੀਂ ਜਾਣਾ ਪਵੇਗਾ - Lok Sabha Election 2024
- ਕੰਗਾਰੂ ਅਦਾਲਤਾਂ 'ਆਪ' ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾਲ: ਜਾਖੜ - Lok Sabha Elections