ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਰਿਕਰਮਾ ਦੇ ਸਮੂਹ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਨ੍ਹਾਂ ਦਾ ਹੱਲ ਕਰਨ ਦੀ ਗੱਲਬਾਤ ਕੀਤੀ ਗਈ। ਉੱਥੇ ਹੀ ਪਰਿਕਰਮਾ ਦੇ ਮੁਲਾਜਮਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਬਾਹਰੋਂ ਆਉਣ ਵਾਲੀ ਸੰਗਤ ਨਾਲ ਚੰਗਾ ਵਤੀਰਾ ਕਰਨਾ ਹੈ, ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਹੈ।
ਫੋਟੋਗ੍ਰਾਫੀ ਨਾ ਕਰਨ ਦੀ ਅਪੀਲ: ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਆਉਂਦੀਆਂ ਹਨ, ਕਿਸੇ ਵਕਤ ਉਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਨਹੀਂ ਪਤਾ ਲੱਗਦਾ ਜਿਸਦੇ ਚਲਦੇ ਸੇਵਾਦਾਰਾਂ ਨੂੰ ਇਸ ਦੇ ਬਾਰੇ ਜਾਣੂ ਕਰਵਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫੀ ਨਾ ਕੀਤੀ ਜਾਵੇ। ਜੇਕਰ ਕੋਈ ਸੇਵਾਦਾਰ ਰੋਕਦਾ ਹੈ ਤੇ ਉਸ ਨਾਲ ਵਾਧੂ ਗੱਲਬਾਤ ਨਾ ਕੀਤੀ ਜਾਵੇ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਆ ਕੇ ਸੰਪਰਕ ਕੀਤਾ ਜਾਵੇ।
ਸੇਵਾਦਾਰਾਂ ਦੀ ਮੀਟਿੰਗ ਕੀਤੀ : ਮੈਨੇਜਰ ਪਰਿਕਰਮਾ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਹਰ ਹਫਤੇ ਕੀਤੀ ਜਾਣਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅੰਦਰਲਾ ਪ੍ਰਬੰਧ, ਪਰਿਕਰਮਾ ਆਦਿ ਦੇ ਸੇਵਾਦਾਰਾਂ ਦੀ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਜਿਹੜੇ ਮੁਲਾਜ਼ਮ 24 ਘੰਟੇ ਦਿਨ ਰਾਤ ਪਰਿਕਰਮਾ ‘ਚ ਡਿਊਟੀ ਕਰਦੇ ਹਨ, ਉਨ੍ਹਾਂ ਕੋਲੋਂ ਸੁਝਾ ਲਏ ਹਨ, ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸਮਝਦੇ ਹੋਏ ਹੱਲ ਕਰਨ ਲਈ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਜਿਹੜੀ ਸੰਗਤ ਆਉਂਦੀ ਹੈ ਉਸ ਨਾਲ ਮੁਲਾਜ਼ਮਾਂ ਨੇ ਬੋਲਬਾਣੀ ਚੰਗੀ ਰੱਖਦਿਆ ਸਤਿਕਾਰ ਦੇਣਾ ਹੈ, ਇਸ ਸਬੰਧੀ ਮੀਟਿੰਗ ਕਰਕੇ ਸਮਝਾਇਆ ਗਿਆ ਹੈ।
ਕੋਈ ਵੀ ਮਾੜਾ ਵਤੀਰਾ ਨਾ ਕੀਤਾ ਜਾਵੇ: ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਫੋਟੋਗ੍ਰਾਫਰੀ ਅਤੇ ਵੀਡੀਓਗ੍ਰਾਫਰੀ ਨਾ ਕੀਤੀ ਜਾਵੇ, ਜੇਕਰ ਮੁਲਾਜ਼ਮ ਪਿਆਰ ਸਤਿਕਾਰ ਨਾਲ ਰੋਕਦੇ ਹਨ, ਉਨ੍ਹਾਂ ਨਾਲ ਕੋਈ ਵੀ ਮਾੜਾ ਵਤੀਰਾ ਨਾ ਕੀਤਾ ਜਾਵੇ। ਜੇਕਰ ਕਿਸੇ ਨੂੰ ਕੋਈ ਵੀ ਸ਼ਕਾਇਤ ਹੁੰਦੀ ਹੈ, ਉਹ ਦਫਤਰ ਵਿਚ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ, ਤਾਂ ਜੋ ਕਿਸੇ ਵੀ ਸ਼ਰਧਾਲੂ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ।