ਅੰਮ੍ਰਿਤਸਰ: ਆਏ ਦਿਨ ਸ਼ਹਿਰ ਦੇ ਵਿੱਚ ਬਦ ਤੋਂ ਬੱਤਰ ਹੋ ਰਹੀ ਕਾਨੂੰਨ ਵਿਵਸਥਾ ਨੂੰ ਦੇਖ ਕੇ ਹਰ ਕੋਈ ਡਰ ਅਤੇ ਖੌਫ ਦੇ ਸਾਏ ਹੇਠ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਸ਼ਹਿਰ ਦੇ ਵਿੱਚ ਕੰਮ ਕਾਜ ਕਰਨ ਵਾਲੇ ਦੁਕਾਨਦਾਰ ਹੁਣ ਆਪਣੇ ਲੋਕਰ ਦੇ ਵਿੱਚ 500 ਦਾ ਨੋਟ ਰੱਖਣ ਤੋਂ ਵੀ ਡਰਦੇ ਹੋਏ ਨਜ਼ਰ ਆ ਰਹੇ ਹਨ।
ਅੰਮ੍ਰਿਤਸਰ 'ਚ ਬਦਮਾਸ਼ਾਂ ਦੇ ਹੌਂਸਲੇ ਹੋਏ ਬੁਲੰਦ: ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕਾਰੋਬਾਰ ਦੀ ਵੱਡੀ ਹੱਬ ਮੰਨਿਆ ਜਾਂਦਾ ਅੰਮ੍ਰਿਤਸਰ ਇਸ ਸਮੇਂ ਪੂਰਨ ਤੌਰ ਦੇ ਉੱਤੇ ਲੁਟੇਰਿਆਂ ਦੀ ਮੁੱਠੀ ਦੇ ਵਿੱਚ ਜਕੜਿਆ ਹੋਇਆ ਨਜ਼ਰ ਆ ਰਿਹਾ ਹੈ। ਆਏ ਦਿਨ ਵਾਪਰ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਦੇ ਵਿੱਚ ਦੇਖਣ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੁਟੇਰੇ ਬੇਖੌਫ ਢੰਗ ਦੇ ਨਾਲ ਦਿਨ ਅਤੇ ਰਾਤ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਸ਼ਰੇਆਮ ਅਸਲੇ ਦੀ ਨੋਕ ਦੇ ਉੱਤੇ ਲੁੱਟ ਕੀਤੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਰੋਜਾਨਾ ਵੱਡੇ-ਵੱਡੇ ਨਾਕੇ ਲਾ ਕੇ ਪੁਖਤਾ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕਰਨ ਵਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੀ ਹੈ।
ਸੁਨਿਆਰੇ ਦੀ ਦੁਕਾਨ 'ਚ ਕੀਤੀ ਲੁੱਟ: ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਦਾ ਹੈ, ਜਿੱਥੇ ਕਿ ਦਿਨ ਦਿਹਾੜੇ ਨਕਾਬਪੋਸ਼ ਲੁਟੇਰੇ ਵੱਲੋਂ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਸੀਸੀਟੀਵੀ ਵੀਡੀਓ ਵਿੱਚ ਸਾਫ ਤੌਰ 'ਤੇ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਨੌਜਵਾਨ ਦੁਕਾਨ ਦੇ ਅੰਦਰ ਆਉਂਦਾ ਹੈ ਤੇ ਗੰਨ ਪੁਆਇੰਟ ਦੇ ਉੱਪਰ ਦੁਕਾਨਦਾਰ ਨੂੰ ਮਾਰਨ ਦੀ ਧਮਕੀ ਦੇ ਕੇ ਉਸ ਦੇ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਜਾਂਦਾ ਹੈ।
ਪੁਲਿਸ ਦਾ ਨਹੀਂ ਆਇਆ ਕੋਈ ਬਿਆਨ: ਫਿਲਹਾਲ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਨਾ ਤਾਂ ਦੁਕਾਨਦਾਰ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਪੁਲਿਸ ਵੱਲੋਂ ਇਸ 'ਤੇ ਕੋਈ ਆਪਣੀ ਟਿੱਪਣੀ ਕੀਤੀ ਗਈ ਹੈ। ਉਥੇ ਹੀ ਦੁਕਾਨਦਾਰ ਦੇ ਨਜ਼ਦੀਕੀਆਂ ਦਾ ਮੰਨਣਾ ਹੈ ਕਿ ਲੁੱਟ ਦੀ ਵਾਰਦਾਤ ਤੋਂ ਬਾਅਦ ਦੁਕਾਨਦਾਰ ਬੇਹੱਦ ਪ੍ਰੇਸ਼ਾਨੀ ਤੇ ਡਰ ਦੇ ਮਾਹੌਲ ਵਿੱਚ ਹੈ।