ਲੁਧਿਆਣਾ: ਬੱਸ ਸਟੈਂਡ ਨੇੜੇ ਬਣੇ ਇੱਕ ਗੈਸਟ ਹਾਊਸ ਵਿੱਚ ਅੱਜ ਤੜਕਸਾਰ ਅੱਗ ਲੱਗਣ ਦੇ ਕਰਕੇ ਵੱਡਾ ਹਾਦਸਾ ਵਾਪਰ ਗਿਆ। ਅੱਗ ਕਰਕੇ ਇਕੱਠੇ ਹੋਏ ਧੂਏ ਨੇ ਇੱਕ ਪ੍ਰੇਮੀ ਜੋੜੇ ਦੀ ਜਾਨ ਲੈ ਲਈ ਜੋ ਕਿ ਇਸ ਗੈਸਟ ਹਾਊਸ ਵਿੱਚ ਰੁਕੇ ਹੋਏ ਸਨ। ਕਮਰੇ ਦੇ ਵਿੱਚ ਦਮ ਘੁੱਟਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਅੱਜ ਸਵੇਰੇ ਜਦੋਂ ਮੈਨੇਜਰ ਗੈਸਟ ਹਾਊਸ ਦੇ ਵਿੱਚ ਪਹੁੰਚਿਆ, ਤਾਂ ਉਸ ਨੇ ਵੇਖਿਆ ਕੇ ਧੂਆਂ ਨਿਕਲ ਰਿਹਾ ਹੈ ਜਿਸ ਤੋਂ ਬਾਅਦ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ, ਪਰ ਇੰਨੇ ਸਮੇਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਕੱਢ ਕੇ ਸਿਵਿਲ ਹਸਪਤਾਲ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਸ਼ਨਾਖਤ ਬਾਕੀ
ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਸੀ। ਮ੍ਰਿਤਕ ਦੀ ਪਛਾਣ ਯੁਗਲ ਵਜੋਂ ਹੋਈ ਹੈ, ਹਾਲਾਂਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਨਾਲ ਲੜਕੀ ਕੌਣ ਸੀ ਉਸ ਦੀ ਹਾਲੇ ਸ਼ਨਾਖਤ ਨਹੀਂ ਹੋ ਪਾਈ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬੰਧਿਤ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਉਮਰ ਲਗਭਗ 35 ਸਾਲ ਦੇ ਕਰੀਬ ਸੀ ਅਤੇ ਮਹਿਲਾ ਦੀ ਉਮਰ ਲਗਭਗ 45 ਸਾਲ ਦੇ ਨੇੜੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਵਿੱਚ ਇੱਕ ਹੋਰ ਵਿਅਕਤੀ ਵੀ ਅੱਗ ਦੀ ਲਪੇਟ ਦੇ ਵਿੱਚ ਆਇਆ ਸੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਹਾਲਾਂਕਿ ਜਦੋਂ ਪੁਲਿਸ ਨੂੰ ਉਹਨਾਂ ਦੋਵਾਂ ਦੇ ਸੰਬੰਧ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਪਰਿਵਾਰਿਕ ਮੈਂਬਰ ਹੀ ਦੱਸਣਗੇ, ਅਸੀਂ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੇਜਰ ਨੂੰ ਵੀ ਅੱਗ ਲੱਗਣ ਬਾਰੇ ਸਵੇਰੇ ਹੀ ਜਾਣਕਾਰੀ ਮਿਲੀ ਜਦੋਂ ਉਹ ਹੋਟਲ ਵਿੱਚ ਪਹੁੰਚਿਆ।