ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਹਸਪਤਾਲ ਦੇ ਬਰਾਮਦੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਅਤੇ ਔਰਤ ਦਰਦ ਨਾਲ ਬੁਰੀ ਤਰਾਂ ਕੁਰਲਾ ਰਹੀ ਸੀ। ਜਿਸ ਦੇ ਚਲਦੇ ਉਸ ਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਬਰੂਹਾਂ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉੱਥੇ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੂੰ ਲੱਗਾ ਤਾਂ ਡਾਕਟਰਾਂ ਵੱਲੋਂ ਉਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਿੱਥੇ ਜੱਚਾ ਬੱਚਾ ਦੋਵਾਂ ਦਾ ਇਲਾਜ ਜਾਰੀ ਹੈ।
ਡਾਕਟਰ ਨੇ ਦਿੱਤਾ ਗਲਤ ਸਮਾਂ
ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੋੜਾ ਫਾਟਕ ਦੇ ਰਹਿਣ ਵਾਲੇ ਹਨ। ਗਰਭਵਤੀ ਔਰਤ ਨੂੰ ਬੱਚਾ ਹੋਣ ਵਾਲਾ ਸੀ ਤੇ ਡਾਕਟਰਾਂ ਵੱਲੋਂ ਉਹਨਾਂ ਨੂੰ 12 ਅਕਤੂਬਰ ਦਾ ਸਮਾਂ ਦਿੱਤਾ ਗਿਆ ਸੀ। ਅੱਜ ਅਚਾਨਕ ਹੀ ਉਸ ਨੂੰ ਬਹੁਤ ਜਿਆਦਾ ਦਰਦ ਉੱਠੀ ਤੇ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਆ ਰਹੇ ਸਨ। ਜਿਸ ਦੇ ਚਲਦੇ ਉਸ ਦੀ ਪਤਨੀ ਦਰਦ ਨਾ ਸਹਿਣ ਕਰ ਸਕੀ ਤੇ ਉਸ ਨੇ ਰਸਤੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।
ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਤੇ ਬੱਚਾ ਦੋਵੇਂ ਤੰਦਰੁਸਤ ਹਨ ਤੇ ਉਹਨਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰਾਂ ਨੇ ਸਾਨੂੰ 12 ਅਕਤੂਬਰ ਦਾ ਸਮਾਂ ਦਿੱਤਾ ਸੀ ਪਰ ਦਰਦ ਜ਼ਿਆਦਾ ਹੋਣ ਕਰਕੇ ਪਹਿਲਾਂ ਹੀ ਲਿਆਂਦਾ ਤਾਂ ਇਹ ਹਲਾਤ ਹੋ ਗਏ। ਉਹਨਾਂ ਕਿਹਾ ਕਿ ਹੁਣ ਭਾਵੇਂ ਹੀ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਹੈ , ਪਰ ਇਸ ਪਿਛੇ ਡਾਕਟਰਾਂ ਦੀ ਲਾਪਰਵਾਹੀ ਵੀ ਹੈ, ਕਿਉਂਕਿ ਸਾਨੂੰ ਡਾਕਟਰਾਂ ਨੇ ਸਮਾਂ ਗੱਲਤ ਦਸਿਆ ਸੀ। ਜਦੋਂ ਇਸ ਘਟਨਾ ਸਬੰਧੀ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਥੇ ਡਾਕਟਰਾਂ ਨੇ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ।